ਕਬਜ਼ਿਆਂ ਨੂੰ ਹਟਾਉਣ ਲਈ ਮੈਦਾਨ ’ਚ ਆਏ ਡਿਪਟੀ ਮੇਅਰ
ਪਾਰਕਾਂ ਤੇ ਪਰੀਨ ਬੈਲਟਾਂ ਨੂੰ ਕਬਜਾ ਮੁਕਤ ਕਰਵਾਉਣ ਲਈ ਮੈਦਾਟ ’ਚ ਆਏ ਡਿਪਟੀ ਮੇਅਰ
Publish Date: Sun, 22 Mar 2026 10:23 PM (IST)
Updated Date: Mon, 23 Mar 2026 04:17 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੀਆਂ ਪਾਰਕਾਂ, ਗਰੀਨ ਬੈਲਟਾਂ ਅਤੇ ਸੜਕਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਲਈ ਡਿਪਟੀ ਮੇਅਰ ਪ੍ਰਿੰਸ ਜੌਹਰ ਮੈਦਾਨ ਵਿੱਚ ਨਿੱਤਰੇ ਹਨ ਤੇ ਉਨ੍ਹਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਆਤਮ ਨਗਰ ਦੀਆਂ ਉਨ੍ਹਾਂ ਪਾਰਕਾਂ, ਗਰੀਨ ਬੈਲਟਾਂ ਅਤੇ ਸੜਕਾਂ ਦੀ ਖੁਦ ਜਾਕੇ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਲੋਕਾਂ ਵੱਲੋਂ ਵਪਾਰਕ ਮਨੋਰਥ ਨਾਲ ਨਾਜਾਇਜ਼ ਕਬਜੇ ਕੀਤੇ ਹੋਏ ਹਨ। ਐਤਵਾਰ ਨੂੰ ਡਿਪਟੀ ਮੇਅਰ ਪ੍ਰਿੰਸ ਜੌਹਰ ਦੁੱਗਰੀ ਨਹਿਰ ਪੁਲ ਤੇ ਪੁੱਜੇ ਜਿੱਥੇ ਉਨ੍ਹਾਂ ਪਾਰਕਾਂ, ਗਰੀਨ ਬੈਲਟ ਅਤੇ ਸੜਕਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਨਹਿਰ ਪੁਲ ਦੇ ਨੇੜੇ ਸੜਕ ਦੇ ਨਾਲ ਨਾਲ ਟਰਾਲੀਆਂ ਵਾਲਿਆਂ ਅਤੇ ਕੁਝ ਰੇਹੜੀਆਂ ਵਾਲਿਆਂ ਵੱਲੋਂ ਲਗਾਤਾਰ ਸਰਕਾਰੀ ਜਗ੍ਹਾ ’ਤੇ ਕੀਤੇ ਜਾ ਰਹੇ ਕਬਜ਼ੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਦੁੱਗਰੀ ਰੋਡ ਅਤੇ ਸੀਆਰਪੀ ਫਲੈਟਾਂ ਦੇ ਵਿਚਕਾਰ ਬਣੀਆਂ ਪਾਰਕਾਂ ਦੇ ਹਾਲਾਤ ਦੇਖੇ ਤਾਂ ਉਨ੍ਹਾਂ ਵਿੱਚ ਵੀ ਕੁਝ ਲੋਕਾਂ ਵੱਲੋਂ ਵਪਾਰਕ ਮਨੋਰਥ ਨਾਲ ਕੀਤੇ ਨਾਜਾਇਜ਼ ਕਬਜ਼ੇ ਦੇਖੇ, ਜਦੋਂ ਉਨ੍ਹਾਂ ਇਸ ਬਾਰੇ ਨਗਰ ਨਿਗਮ ਜ਼ੋਨ ਡੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਇਸ ਬਾਰੇ ਪੁੱਛਿਆ ਤਾਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਜਿਸ ਤੇ ਡਿਪਟੀ ਮੇਅਰ ਪਾਰਕਾਂ, ਗਰੀਨ ਬੈਲਟਾਂ ਅਤੇ ਸੜਕ ਦੇ ਹਿੱਸੇ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੇ ਚਿੰਤਾ ਪ੍ਰਗਟ ਕੀਤੀ। ਚੈਕਿੰਗ ਸਬੰਧੀ ਡਿਪਟੀ ਮੇਅਰ ਜੌਹਰ ਨੇ ਦੱਸਿਆ ਕਿ ਉਨ੍ਹਾਂ ਮੌਕੇ ਤੇ ਜਾਕੇ ਦੇਖਿਆ ਕਿ ਉਲੰਘਣਾ ਕਰਨ ਵਾਲਿਆਂ ਨੇ ਪਾਰਕਾਂ ਅਤੇ ਸੜਕ ਦੇ ਹਿੱਸੇ ਵਿੱਚ ਉਸਾਰੀ ਸਮੱਗਰੀ, ਸ਼ਟਰਿੰਗ ਅਤੇ ਲੱਕੜਾਂ ਰੱਖੀਆਂ ਹੋਈਆਂ ਹਨ ਜੋ ਨਾ ਸਿਰਫ਼ ਹਰਿਆਲੀ ਵਧਾਉਣ ਵਿੱਚ ਰੁਕਾਵਟ ਪੈਦਾ ਕਰਦੀ ਹੈ, ਸਗੋਂ ਪਾਰਕ ਤੇ ਸੜਕ ਦੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਨਹਿਰ ਦੇ ਨਾਲ ਜਾਂਦੀ ਸੜਕ ਦੇ ਹੇਠਾਂ ਵਾਲੇ ਗਰੀਨ ਬੈਲਟ ਦੇ ਐਸੇ ਹੀ ਹਾਲਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਕਬਜ਼ੇ ਹਟਾਉਣ ਅਤੇ ਉਲੰਘਣਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਉਹ ਵਸਨੀਕਾਂ ਲਈ ਟਿਕਾਊ ਵਿਕਾਸ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹ ਕਬਜ਼ੇ ਹਟਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਜ਼ਮੀਨੀ ਪੱਧਰ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਚਨਚੇਤ ਚੈਕਿੰਗ ਕਰਦੇ ਰਹਿਣਗੇ।