ਭਾਕਿਯੂ ਕਾਦੀਆਂ ਦਾ ਵਫ਼ਦ ਖੇਤੀਬਾੜੀ ਅਫਸਰ ਨੂੰ ਮਿਲਿਆ
ਨਿੱਜੀ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੁੰਦੀ ਲੁੱਟ ਖਿਲਾਫ਼ ਦਿੱਤਾ ਮੰਗ ਪੱਤਰ
Publish Date: Wed, 21 Jan 2026 06:44 PM (IST)
Updated Date: Thu, 22 Jan 2026 04:07 AM (IST)

ਨਿੱਜੀ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੁੰਦੀ ਲੁੱਟ ਖਿਲਾਫ਼ ਦਿੱਤਾ ਮੰਗ ਪੱਤਰ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਇਕ ਵਫਦ ਬਲਾਕ ਸਮਰਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਹਲੇ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਸਮਰਾਲਾ ਨੂੰ ਮੱਕੀ ਦੇ ਬੀਜ ਸਬੰਧੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮਿਲ ਕੇ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਪਿਛਲੇ ਕਈ ਸਾਲਾਂ ਤੋਂ ਸਮਰਾਲਾ ਇਲਾਕੇ ਵਿੱਚ ਮੱਕੀ ਦੀ ਫਸਲ ਵੱਡੇ ਪੱਧਰ ਤੇ ਹੁੰਦੀ ਹੈ ਪ੍ਰੰਤੂ ਮੱਕੀ ਦਾ ਬੀਜ ਲੈਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਹਰ ਸਾਲ ਕਰਨਾ ਪੈਂਦਾ ਹੈ। ਇਸ ਸਬੰਧੀ ਮੱਕੀ ਦਾ ਬੀਜ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਸਮੇਂ ਸਿਰ ਮੱਕੀ ਦਾ ਬੀਜ ਨਹੀਂ ਦਿੱਤਾ ਜਾਂਦਾ ਜੇਕਰ ਦੁਕਾਨਦਾਰ ਬੀਜ ਦਿੰਦੇ ਵੀ ਹਨ ਤਾਂ ਉਸਦਾ ਰੇਟ ਮਾਰਕੀਟ ਰੇਟ ਨਾਲੋਂ ਵੱਧ ਕੇ ਦਿੱਤਾ ਜਾਂਦਾ ਹੈ, ਜੋ ਕਿ ਕਿਸਾਨਾਂ ਦੀ ਸ਼ਰੇਆਮ ਆਰਥਿਕ ਲੁੱਟ ਕੀਤੀ ਜਾਂਦੀ ਹੈ। ਮੰਗ ਪੱਤਰ ਰਾਹੀਂ ਕਿਸਾਨਾਂ ਨੇ ਮੰਗ ਕੀਤੀ ਕਿ ਹੁਣ ਮੱਕੀ ਦੀ ਬਿਜਾਈ ਦਾ ਸਮਾਂ ਨਜਦੀਕ ਆ ਰਿਹਾ ਹੈ। ਪਿਛਲੇ ਅਰਸੇ ਦੌਰਾਨ ਕਿਸਾਨਾਂ ਦੀ ਦੁਕਾਨਦਾਰਾਂ ਵੱਲੋਂ ਜਿਸ ਤਰ੍ਹਾਂ ਲੁੱਟ ਹੋਈ ਹੈ, ਉਸਨੂੰ ਨੱਥ ਪਾਈ ਜਾਵੇ। ਇਸ ਤੋਂ ਇਲਾਵਾ ਮੱਕੀ ਦਾ ਬੀਜ ਸਹੀ ਰੇਟ ਤੇ ਉਪਲਬਧ ਕਰਵਾਇਆ ਜਾਵੇ। ਮੰਗ ਪੱਤਰ ਪ੍ਰਾਪਤ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਮੱਕੀ ਦੇ ਬੀਜ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਾਲਾ ਬਾਜ਼ਾਰੀ ਕਰਦੇ ਦੁਕਾਨਦਾਰਾਂ ਨੂੰ ਨੱਥ ਪਾਈ ਜਾਵੇਗੀ। ਮੰਗ ਪੱਤਰ ਦੇਣ ਮੌਕੇ ਉਪਰੋਕਤ ਤੋਂ ਇਲਾਵਾ ਬਲਵਿੰਦਰ ਸਿੰਘ ਮੁਸ਼ਕਾਬਾਦ ਮੀਤ ਪ੍ਰਧਾਨ, ਜਸਵੀਰ ਸਿੰਘ ਮੁਸ਼ਕਾਬਾਦ, ਸਵਰਨ ਸਿੰਘ ਹੇੜੀਆਂ ਇਕਾਈ ਪ੍ਰਧਾਨ, ਮੇਜਰ ਸਿੰਘ ਉਟਾਲਾਂ, ਜਸਪਾਲ ਸਿੰਘ ਬਰਮਾਂ, ਮਨਪ੍ਰੀਤ ਸਿੰਘ ਘੁਲਾਲ, ਜਸਵੀਰ ਸਿੰਘ ਬਰਮਾਂ ਆਦਿ ਹਾਜ਼ਰ ਸਨ।