ਜਨਗਣਨਾ ਡਿਊਟੀਆਂ ਸਬੰਧੀ ਦਿੱਤਾ ਮੰਗ ਪੱਤਰ
ਜਨਗਣਨਾ ਡਿਊਟੀਆਂ ਸੰਬੰਧੀ ਦਿੱਤਾ ਮੰਗ ਪੱਤਰ
Publish Date: Thu, 16 Apr 2026 06:08 PM (IST)
Updated Date: Thu, 16 Apr 2026 06:12 PM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਵੱਡੇ ਪੱਧਰ ’ਤੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀਆਂ ਜਨਗਣਨਾ ਵਿਚ ਲੱਗੀਆਂ ਡਿਊਟੀਆਂ ਸਬੰਧੀ ਯੂਨੀਅਨ ਆਗੂਆਂ ਦੇ ਵਫ਼ਦ ਨਾਲ ਜ਼ਿਲ੍ਹਾ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਨੂੰ ਦਿੱਕਤਾਂ ਸਬੰਧੀ ਮੰਗ ਪਤੱਰ ਦਿੱਤਾ। ਯੂਨੀਅਨ ਪ੍ਰਧਾਨ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿਚੋਂ 60 ਫੀਸਦੀ ਜਨਗਣਨਾ ਡਿਊਟੀਆਂ ਲਾਈਆਂ ਜਾਣ ਬਾਕੀ ਹੋਰ ਵਿਭਾਗਾਂ ਤੋਂ ਲਾਈਆਂ ਜਾਣ ਤਾਂ ਕਿ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਅਤੇ ਬੱਚਿਆਂ ਦੇ ਦਾਖ਼ਲੇ ਵੀ ਹੋ ਸਕਣ, ਸੁਪਰਵਾਈਜ਼ਰ ਲੈਕਚਰਾਰ ਕੇਡਰ ਵਿਚੋਂ ਹੀ ਲਾਏ ਜਾਣ, ਦਸੰਬਰ 2027 ਤਕ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਦੀਆਂ ਡਿਊਟੀਆਂ ਨਾ ਲਾਈਆਂ ਜਾਣ, ਡਿਊਟੀਆਂ ਸਕੂਲਾਂ ਦੇ ਨੇੜੇ ਲਾਈਆਂ ਜਾਣ ਤਾਂ ਕਿ ਅਧਿਆਪਕ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਪ੍ਰਸੂਤਾ ਛੁੱਟੀ ਤੇ ਚੱਲ ਰਹੇ ਇਸਤਰੀ ਅਧਿਆਪਕਾਂ ਅਤੇ ਪ੍ਰਸੂਤਾ ਛੁੱਟੀ ਤੋਂ ਬਾਅਦ ਛੋਟੇ ਬੱਚੇ ਕਾਰਣ ਜਨਗਣਨਾ ਡਿਊਟੀ ਤੋਂ ਛੋਟ ਦਿੱਤੀ ਜਾਵੇ। ਯੂਨੀਅਨ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੂੰ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਕਿ ਸਿੱਖਿਆ ਵਿਭਾਗ ਵਿਚੋਂ 60 ਪ੍ਰਤੀਸ਼ਤ ਡਿਊਟੀਆਂ ਲਾਈਆਂ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ, ਮਿਸ਼ਨ ਸਮਰੱਥ ਅਤੇ ਦਾਖਲੇ ਵੀ ਪ੍ਰਭਾਵਿਤ ਨਾ ਹੋਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਇਹਨਾਂ ਮੰਗਾਂ ’ਤੇ ਜਲਦ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਫਦ ਵਿਚ ਯੂਨੀਅਨ ਆਗੂ ਅਮਰਜੀਤ ਸਿੰਘ ਕਦੋਂ ਸਲਾਹਕਾਰ, ਦਵਿੰਦਰ ਸਿੰਘ ਗੁਰੂ ਜਸਪਾਲ ਸਿੰਘ, ਵਨੀਤ ਅਰੋੜਾ, ਰਵਿੰਦਰ ਸਿੰਘ, ਗੁਰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸਾਹਨੇਵਾਲ, ਮਨਦੀਪ ਸਿੰਘ ਸੇਖੋਂ ਅਤੇ ਅਲਬੇਲ ਸਿੰਘ ਪੁੜੈਣ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕ ਵਰਗ ਤੋਂ ਗ਼ੈਰ ਵਿਦਿਅਕ ਕੰਮ ਲੈਣੇ ਬੰਦ ਕਰੇ ਤਾਂ ਕਿ ਪੰਜਾਬ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇ ਸਕਣ।