ਵਿਆਹ ਤੇ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਟੈਸਟ ਲਾਜ਼ਮੀ ਕੀਤੇ ਜਾਣ ਦੀ ਮੰਗ
ਵਿਆਹ ਅਤੇ ਇਸ ਸਬੰਧੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਟੈਸਟ ਲਾਜ਼ਮੀ ਕੀਤੇ ਜਾਣ ਦੀ ਮੰਗ
Publish Date: Thu, 05 Mar 2026 06:54 PM (IST)
Updated Date: Fri, 06 Mar 2026 04:09 AM (IST)
- ਸਮਾਜ ਸੇਵੀ ਵਾਲੀਆ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਜੱਜ ਤੇ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਜੱਜ ਤੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਵਿਆਹ ਲਈ ਤੇ ਵਿਆਹ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਡੋਪ ਟੈਸਟ, ਗੰਭੀਰ ਬਿਮਾਰੀਆਂ ਦੇ ਟੈਸਟ (ਖਾਸ ਕਰ ਕੇ ਏਡਜ਼), ਕੈਂਸਰ ਟੈਸਟ ਤੇ ਸਮੋਕਰ ਟੈਸਟ ਲਾਜ਼ਮੀ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ ਜੋ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਇਹ ਕਾਨੂੰਨ ਕੇਂਦਰ ਸਰਕਾਰ ਤੇ ਖਾਸ ਕਰ ਕੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡਾ ਉਤਸ਼ਾਹ ਦੇਵੇਗਾ। ਇਕ ਨਸ਼ਾ-ਮੁਕਤ ਲੜਕਾ ਤੇ ਲੜਕੀ ਪਰਿਵਾਰ ਲਈ ਵਰਦਾਨ ਹੋਣਗੇ।
ਅਸੀਂ ਸਭ ਜਾਣਦੇ ਹਾਂ ਕਿ ਭਾਰਤ ਵਿੱਚ ਜ਼ਿਆਦਾਤਰ ਔਰਤਾਂ ਨੂੰ ਵਿਆਹ ਤੋਂ ਪਹਿਲਾਂ ਦੀ ਗੱਲਬਾਤ ਵਿੱਚ ਪੂਰੀ ਆਜ਼ਾਦੀ ਨਹੀਂ ਹੁੰਦੀ। ਸਮਾਜਿਕ ਦਬਾਅ ਕਰਕੇ ਉਹ ਲੜਕੇ ਤੋਂ ਡੋਪ ਟੈਸਟ ਦੀ ਮੰਗ ਨਹੀਂ ਕਰ ਸਕਦੀਆਂ ਪਰ ਜੇ ਇਹ ਕਾਨੂੰਨ ਬਣ ਜਾਵੇ ਤਾਂ ਇਹ ਲਾਜ਼ਮੀ ਹੋ ਜਾਵੇਗਾ। ਅਕਸਰ ਲੜਕੀ ਨੂੰ ਆਪਣੇ ਪਿਤਾ ਦੀ ਪੱਗ ਅਤੇ ਪਰਿਵਾਰ ਦੀ ਇਜ਼ਤ ਸੰਭਾਲਣ ਦਾ ਭਾਰ ਝੱਲਣਾ ਪੈਂਦਾ ਹੈ। ਇਹ ਕਾਨੂੰਨ ਪਿਤਾ ਦੀ ਪੱਗ ਅਤੇ ਪਰਿਵਾਰ ਦੀ ਇਜ਼ਤ ਨੂੰ ਪੁਲਿਸ ਥਾਣਿਆਂ ਅਤੇ ਅਦਾਲਤਾਂ ਵਿੱਚ ਰੁਲਣ ਤੋਂ ਬਚਾ ਸਕਦਾ ਹੈ। ਕਿਉਂਕਿ ਇੱਕ ਔਰਤ ਕਿੰਨਾ ਸਮਾਂ ਸਭ ਕੁੱਝ ਸਹਿੰਦੀ ਰਹੇਗੀ? ਹਰ ਕੋਈ ਵਿਆਹ ਕਰਨਾ ਚਾਹੁੰਦਾ ਹੈ, ਇਹ ਕਾਨੂੰਨ ਨਸ਼ਿਆਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੋਵੇਗਾ। ਜਿਹੜੇ ਲੜਕੇ-ਲੜਕੀਆਂ ਨਸ਼ਿਆਂ ਦੇ ਆਦੀ ਹਨ ਉਹ ਡੀ-ਐਡੀਕਸ਼ਨ ਇਲਾਜ ਲਈ ਜਾਣਗੇ ਅਤੇ ਹੋਰ ਲੋਕ ਨਸ਼ਿਆਂ ਤੋਂ ਦੂਰ ਰਹਿਣਗੇ। ਜੇ ਟੈਸਟ ਪਾਜ਼ਿਟਿਵ ਆਉਂਦਾ ਹੈ ਅਤੇ ਫਿਰ ਵੀ ਜੋੜਾ ਵਿਆਹ ਕਰਨਾ ਚਾਹੁੰਦਾ ਹੈ, ਤਾਂ ਉਨਾਂ ਦਾ ਫੋਟੋ ਸਮੇਤ ਹਲਫ਼ਨਾਮਾ ਤਹਿਸੀਲਦਾਰ ਜਾਂ ਅਧਿਕ੍ਰਿਤ ਮੈਜਿਸਟਰੇਟ ਦੇ ਸਾਹਮਣੇ ਲਾਜ਼ਮੀ ਹੋਣਾ ਚਾਹੀਦਾ ਹੈ, ਜਿਸ ਵਿੱਚ ਉਹ ਲਿਖਣ ਕਿ ਉਹ ਸਾਰੇ ਤੱਥ ਜਾਣਦੇ ਹੋਏ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ। ਐੱਮਪੀ ਰੰਜੀਤ ਰੰਜਨ ਨੇ ਇਸ ਮੰਗ ਦਾ ਸਮਰਥਨ ਕੀਤਾ ਹੈ।