ਸਰਕਾਰੀ ਕਾਲਜ ’ਚ 836 ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ
ਸਰਕਾਰੀ ਕਾਲਜ ਲੜਕੀਆਂ ਦੇ 83ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ 836 ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ
Publish Date: Fri, 13 Mar 2026 06:54 PM (IST)
Updated Date: Fri, 13 Mar 2026 06:57 PM (IST)

- ਜੀਵਨ ’ਚ ਸਫਲਤਾ ਪ੍ਰਾਪਤ ਕਰਨ ਲਈ ਗਿਆਨ, ਸਮਰਪਣ ਤੇ ਸਖ਼ਤ ਮਿਹਨਤ ਜ਼ਰੂਰੀ : ਡਾ. ਜਗਦੀਪ ਸਿੰਘ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦਾ 83ਵਾਂ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਕਨਵੋਕੇਸ਼ਨ ਸਮਾਗਮ ਦੌਰਾਨ 836 ਵਿਦਿਆਰਥਣਾ ਨੂੰ ਆਪਣੀਆਂ ਅਕਾਦਮਿਕ ਯੋਗਤਾਵਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਉਪਰੰਤ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਫੈਕਲਟੀ ਮੈਂਬਰਾਂ, ਮਾਪਿਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਵਿਦਿਆਰਥਣਾ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਤਾਂ ਮਾਹੌਲ ਖੁਸ਼ੀ ਤੇ ਮਾਣ ਨਾਲ ਭਰ ਗਿਆ। ਇਸ ਮੌਕੇ ਉਪ ਕੁਲਪਤੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਗਿਆਨ, ਸਮਰਪਣ ਅਤੇ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਮੁੱਖ ਮਹਿਮਾਨ ਨੇ ਕਾਲਜ ਵੱਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਨੌਜਵਾਨ ਵਿਦਿਆਰਥਣਾਂ ਦੇ ਭਵਿੱਖ ਨੂੰ ਆਕਾਰ ਦੇਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾ ਨੂੰ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਅਤੇ ਇਮਾਨਦਾਰੀ ਨਾਲ ਆਪਣੀ ਸਮਾਜ ਪ੍ਰਤੀ ਉਸਾਰੂ ਭੂਮਿਕਾ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਈ ਪ੍ਰਮੁੱਖ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਮੰਜੂ ਸਾਹਨੀ, ਡਾ. ਜਸਵੰਤ ਸਿੰਘ, ਕੁਲਦੀਪ ਸਿੰਘ, ਸਰਦਾਰ ਸੋਹੀ, ਡਾ. ਰਾਜੀਵ ਅਤੇ ਕਾਲਜ ਦੇ ਪੀਟੀਏ ਮੈਂਬਰ ਕਵਿਤਾ ਸ਼ਰਮਾ ਆਦਿ ਸ਼ਾਮਲ ਸਨ। ਨਿਵੇਦਿਤਾ ਸ਼ਰਮਾ (ਡਿਪਟੀ ਰਜਿਸਟਰਾਰ) ਨੇ ਕਨਵੋਕੇਸ਼ਨ ਸਮਾਗਮ ਦੇ ਸੁਚਾਰੂ ਕਰਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਟੇਜ ਦੀ ਕਾਰਵਾਈ ਡਾ. ਹਰਲੀਨ ਕੌਰ ਅਤੇ ਡਾ. ਰੁਪਿੰਦਰ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੀ ਸਮਾਪਤੀ ਵਾਈਸ ਪ੍ਰਿੰਸੀਪਲ ਸਰਿਤਾ ਖੁਰਾਣਾ ਦੁਆਰਾ ਮੁੱਖ ਮਹਿਮਾਨ, ਫੈਕਲਟੀ ਮੈਂਬਰਾਂ, ਸਟਾਫ ਤੇ ਵਿਦਿਆਰਥਣਾਂ ਦੁਆਰਾ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਕਰਨ ਦੇ ਨਾਲ ਹੋਈ।