ਵਿਦੇਸ਼ੀ ਨੰਬਰ ਤੋਂ ਆਈ ਜਾਨੋ ਮਾਰਨ ਧਮਕੀ
ਵਿਦੇਸ਼ੀ ਨੰਬਰ ਤੋਂ ਆਈ ਜਾਨੋ ਮਾਰਨ ਧਮਕੀ, ਜਾਨ ਬਖਸ਼ਣ ਦੀ ਏਵਜ ਵਿੱਚ ਆਟੋ ਮੋਬਾਇਲ ਕਾਰੋਬਾਰੀ ਕੋਲੋਂ ਇੱਕ ਕਰੋੜ ਦੀ ਫਿਰੌਤੀ
Publish Date: Thu, 23 Apr 2026 08:15 PM (IST)
Updated Date: Fri, 24 Apr 2026 04:11 AM (IST)

ਜਾਨ ਬਖਸ਼ਣ ਦੀ ਏਵਜ਼ ’ਚ ਆਟੋ ਮੋਬਾਈਲ ਕਾਰੋਬਾਰੀ ਕੋਲੋਂ ਮੰਗੀ 1 ਕਰੋੜ ਦੀ ਫਿਰੌਤੀ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਦੀ ਗੁਰੂ ਅੰਗਦ ਦੇਵ ਕਾਲੋਨੀ, ਨਿਊ ਜੰਤਾ ਨਗਰ ਇਲਾਕੇ ’ਚ ਇੱਕ ਆਟੋ ਮੋਬਾਈਲ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਪੁੱਤਰ ਅਮ੍ਰਿਤ ਲਾਲ ਵਾਸੀ ਗਲੀ ਨੰਬਰ 4, ਗੁਰੂ ਅੰਗਦ ਦੇਵ ਕਾਲੋਨੀ, ਨਿਊ ਜਨਤਾ ਨਗਰ ਨੇ ਦੱਸਿਆ ਕਿ ਉਹ ਗਿੱਲ ਰੋਡ ਨੇੜੇ ਨਨਕਾਣਾ ਸਾਹਿਬ ਪਬਲਿਕ ਸਕੂਲ ਕੋਲ ਆਟੋ ਮੋਬਾਈਲ ਦਾ ਕਾਰੋਬਾਰ ਕਰਦਾ ਹੈ। ਜਿਸ ਤਹਿਤ ਉਹ ਲਗਜ਼ਰੀ ਕਾਰਾਂ ਦੀ ਸੇਲ ਪਰਚੇਜ ਕਰਦਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦੇ ਮੋਬਾਈਲ ਨੰਬਰ ‘ਤੇ ਇੱਕ ਵਿਦੇਸ਼ੀ ਨੰਬਰ (351927361380) ਤੋਂ ਕਾਲ ਆਈ, ਜਦੋਂ ਉਸ ਨੇ ਕਾਲ ਰਿਸੀਵ ਕੀਤੀ ਤਾਂ ਦੂਜੇ ਪਾਸੇ ਮੌਜੂਦ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਗੈਂਗਸਟਰ ਦੱਸਦਿਆਂ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਕਿਹਾ ਕਿ ਜੇਕਰ ਉਸ ਨੇ 1 ਕਰੋੜ ਰੁਪਏ ਦੀ ਰਕਮ ਨਾ ਦਿੱਤੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਧਮਕੀ ਨਾਲ ਘਬਰਾਏ ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਧਾਰਾ 308(2) ਬੀਐੱਨਐੱਸ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਲ ਕਰਨ ਵਾਲਾ ਵਿਅਕਤੀ ਵਿਦੇਸ਼ ’ਚ ਬੈਠਾ ਕੋਈ ਅਣਪਛਾਤਾ ਗੈਂਗਸਟਰ ਹੋ ਸਕਦਾ ਹੈ। ਪੁਲਿਸ ਵੱਲੋਂ ਕਾਲ ਡੀਟੇਲ ਅਤੇ ਨੰਬਰ ਦੀ ਟ੍ਰੇਸਿੰਗ ਲਈ ਤਕਨੀਕੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਦੋਸ਼ੀ ਦੀ ਪਛਾਣ ਕਰ ਕੇ ਉਸ ਨੂੰ ਕਾਨੂੰਨ ਦੇ ਘੇਰੇ ’ਚ ਲਿਆ ਜਾਵੇਗਾ। ਇਲਾਕੇ ’ਚ ਇਸ ਘਟਨਾ ਤੋਂ ਬਾਅਦ ਕਾਰੋਬਾਰੀਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।