ਸੇਵਾਮੁਕਤ ਪੁਲਿਸ ਇੰਸਪੈਕਟਰ ਦਾ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਲਾਢੋਵਾਲ ’ਚ ਦਿਨ ਦਿਹਾੜੇ ਚੋਰੀ, ਘਰ ਅੱਗੋਂ ਸੇਵਾ ਮੁਕਤ ਪੁਲਿਸ ਇੰਸਪੈਕਟਰ ਦੀ ਬਾਈਕ ਉਡਾਈ
Publish Date: Tue, 17 Mar 2026 09:47 PM (IST)
Updated Date: Wed, 18 Mar 2026 04:16 AM (IST)

ਸੀਸੀ ਟੀਵੀ ਕੈਮਰਿਆਂ ’ਚ ਕੈਦ ਹੋਈਆਂ ਚੋਰਾਂ ਦੀਆਂ ਤਸਵੀਰਾਂ ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਲਾਢੋਵਾਲ ਇਲਾਕੇ ਵਿੱਚ ਦਿਨ ਦਿਹਾੜੇ ਵਾਪਰੀ ਚੋਰੀ ਦੀ ਇਸ ਹਿੰਮਤਵਾਰ ਵਾਰਦਾਤ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੇ ਇਸ ਵਾਰ ਨਿਸ਼ਾਨਾ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਨੂੰ ਬਣਾਇਆ ਹੈ, ਜਿਨ੍ਹਾਂ ਦੀ ਮੋਟਰਸਾਈਕਲ ਚੋਰਾਂ ਵੱਲੋਂ ਦਿਨ ਦਿਹਾੜੇ ਹੀ ਘਰ ਦੇ ਬਾਹਰੋਂ ਚੋਰੀ ਕਰ ਲਈ ਗਈ। ਇਹ ਚੋਰੀ ਦੀ ਵਾਰਦਾਤ ਥਾਣਾ ਲਾਢੋਵਾਲ ਦੇ ਅਧੀਨ ਆਉਂਦੇ ਇੱਕ ਇਲਾਕੇ ਵਿੱਚ ਵਾਪਰੀ, ਜਿਸ ਨਾਲ ਇਲਾਕੇ ਦੇ ਵਸਨੀਕ ਵੀ ਸਹਿਮੇ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਸੇਵਾ ਮੁਕਤ ਇੰਸਪੈਕਟਰ ਗੁਰਚਰਨ ਸਿੰਘ ਨੇ ਦੁਪਹਿਰ ਕਰੀਬ 2 ਵਜੇ ਆਪਣੀ ਸਪਲੈਂਡਰ ਮੋਟਰਸਾਈਕਲ ਮੇਨ ਬਾਜ਼ਾਰ ਵਿੱਚ ਸਥਿਤ ਆਪਣੇ ਘਰ ਦੇ ਬਾਹਰ ਖੜੀ ਕੀਤੀ ਅਤੇ ਅੰਦਰ ਚਲੇ ਗਏ। ਲਗਭਗ 15 ਮਿੰਟ ਬਾਅਦ ਜਦੋਂ ਉਹ ਵਾਪਸ ਘਰ ਤੋਂ ਬਾਹਰ ਆਏ ਤਾਂ ਬਾਈਕ ਗਾਇਬ ਸੀ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਇਸ ਦੌਰਾਨ ਪੈਦਲ ਆਏ ਦੋ ਨੌਜਵਾਨਾਂ ਨੇ ਬਿਨ੍ਹਾਂ ਕਿਸੇ ਡਰ ਦੇ ਆਸਾਨੀ ਨਾਲ ਬਾਈਕ ਚੋਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਇਹ ਸਾਰੀ ਵਾਰਦਾਤ ਘਰ ਦੇ ਲਾਗੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਦੋਵੇਂ ਸ਼ੱਕੀ ਸਾਫ਼ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਚੋਰ ਬੜੀ ਸੁਝਬੂਝ ਨਾਲ ਆਲੇ-ਦੁਆਲੇ ਦੀ ਰੇਕੀ ਕਰਦੇ ਹਨ ਅਤੇ ਫਿਰ ਬਿਨ੍ਹਾਂ ਹੜਬੜਾਹਟ ਦੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੀੜਤ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬਾਈਕ ’ਤੇ ‘ਪੰਜਾਬ ਪੁਲਿਸ’ ਵੀ ਲਿਖਿਆ ਹੋਇਆ ਸੀ, ਫਿਰ ਵੀ ਚੋਰਾਂ ਨੇ ਉਨ੍ਹਾਂ ਬਾਈਕ ਚੋਰੀ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਿਜਕ ਨਹੀਂ ਦਿਖਾਈ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਤਰ੍ਹਾਂ ਦੀ ਘਟਨਾ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਪੀੜਤ ਗੁਰਚਰਨ ਸਿੰਘ ਵੱਲੋਂ ਮਾਮਲੇ ਸਬੰਧੀ ਥਾਣਾ ਲਾਢੋਵਾਲ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਜਾਂਚ ਅਧਿਕਾਰੀ ਮੇਜਰ ਸਿੰਘ ਦੇ ਮੁਤਾਬਕ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਤੇ ਤਲਾਸ਼ੀ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ, ਤਾਂ ਜੋ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਚਰਚਾ ਦਾ ਮਾਹੌਲ ਹੈ ਅਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਨਜ਼ਰ ਆ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ, ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ’ਤੇ ਲਗਾਮ ਲੱਗ ਸਕੇ।