ਧੀਆਂ ਮਾਪਿਆਂ ’ਤੇ ਬੋਝ ਨਹੀਂ ਸਗੋਂ ਇਕ ਵਰਦਾਨ : ਡਾ. ਰਮਨਦੀਪ
ਧੀਆਂ ਮਾਪਿਆਂ ਤੇ ਬੋਝ ਨਹੀਂ ਸਗੋਂ ਇੱਕ ਵਰਦਾਨ- ਡਾ. ਰਮਨਦੀਪ
Publish Date: Wed, 18 Feb 2026 09:44 PM (IST)
Updated Date: Thu, 19 Feb 2026 04:13 AM (IST)

ਫੋਟੋ 36 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਆਧੁਨਿਕ ਯੁੱਗ ਵਿੱਚ ਸਮਾਜ ਨੇ ਭਾਵੇਂ ਕਈ ਖੇਤਰਾਂ ਵਿੱਚ ਉੱਨਤੀ ਹਾਸਲ ਕਰ ਲਈ ਹੈ, ਪਰ ਅੱਜ ਵੀ ਕੁਝ ਅਜਿਹੀਆਂ ਸਮਾਜਿਕ ਕੁਰੀਤੀਆਂ ਹਨ ਜੋ ਮਾਨਵਤਾ ਤੇ ਧੱਬਾ ਹਨ। ਇਨ੍ਹਾਂ ਵਿੱਚੋਂ ਇੱਕ ਮਾਦਾ ਭਰੂਣ ਹੱਤਿਆ ਜੋ ਸਭ ਤੋਂ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਹੈ। ਇਹ ਨਾ ਸਿਰਫ਼ ਕਾਨੂੰਨਨ ਅਪਰਾਧ ਹੈ, ਸਗੋਂ ਇਕ ਨੈਤਿਕ ਪਾਪ ਅਤੇ ਸਮਾਜਿਕ ਅਨਿਆਂ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਮਾਦਾ ਭਰੂਣ ਹੱਤਿਆ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਲੜਕੀਆਂ ਅਤੇ ਲੜਕਿਆਂ ਵਿੱਚ ਸਮਾਨਤਾ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਪੀਸੀਪੀਐਨਡੀਟੀ ਐਕਟ ਅਧੀਨ ਜ਼ਿਲ੍ਹੇ ਭਰ ਵਿੱਚ ਚੱਲ ਰਹੇ ਅਲਟਰਾਸਾਉਂਡ ਸਕੈਨ ਸੈਂਟਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੀਆਂ ਮਾਪਿਆਂ ਤੇ ਭਾਰ ਨਹੀਂ, ਸਗੋਂ ਇਕ ਵਰਦਾਨ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਮਨਪ੍ਰੀਤ ਕੌਰ ਬੈਂਸ ਨੇ ਦੱਸਿਆ ਕਿ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪੂਰੇ ਮਾਣ ਸਤਿਕਾਰ ਸਹਿਤ ਅੱਗੇ ਵਧਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਲੜਕੀਆਂ ਤੇ ਲੜਕਿਆਂ ਦੇ ਲਿੰਗ ਅਨੁਪਾਤ ਵਿੱਚ ਅੰਤਰ ਸਮਾਜਿਕ ਸੰਤੁਲਨ ਨੂੰ ਖਤਰੇ ਵਿਚ ਪਾ ਰਿਹਾ ਹੈ। ਭਵਿੱਖ ਵਿੱਚ ਲੜਕੇ ਅਤੇ ਲੜਕੀ ਦੇ ਅਨੁਪਾਤ ਵਿੱਚ ਅੰਤਰ ਖ਼ਤਰਾ ਹੈ। ਭਾਵੇਂ ਭਰੂਣ ਹੱਤਿਆ ਰੋਕਣ ਲਈ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਸਬੰਧ ਵਿੱਚ ਅੱਜ ਸਰਕਾਰੀ ਡਿਸਪੈਂਸਰੀ ਹੈਬੋਵਾਲ ਕਲਾਂ ਵਿਖੇ ਇੱਕ ਜਾਗਰੂਕਤਾ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਲੜਕੀਆਂ ਦੀ ਸਿੱਖਿਆ, ਪੋਸ਼ਣ ਅਤੇ ਸੁਰੱਖਿਆ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਲੜਕੀਆਂ ਨੂੰ ਉੱਚੀ ਸਿੱਖਿਆ, ਸਕੂਲ ਵਿਚ ਦਾਖਲਾ, ਅਤੇ ਆਤਮਨਿਰਭਰ ਬਣਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਇਹ ਸੋਚਣਾ ਚਾਹੀਦਾ ਹੈ।