ਤੇਜ਼ਧਾਰ ਵਸਤੂ ਨਾਲ ਕੀਤਾ ਨੂੰਹ ’ਤੇ ਹਮਲਾ
ਤੇਜਧਾਰ ਵਸਤੂ ਨਾਲ ਕੀਤਾ ਨੂੰਹ ਤੇ ਹਮਲਾ
Publish Date: Wed, 25 Mar 2026 09:02 PM (IST)
Updated Date: Thu, 26 Mar 2026 04:08 AM (IST)
* ਲਹੂ ਲੁਹਾਨ ਕਰ ਕੇ ਕੀਤਾ ਕਮਰੇ ’ਚ ਬੰਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ’ਚ ਪਾਰਿਵਾਰਕ ਰੰਜਿਸ਼ ਕਾਰਨ ਸੱਸ ਵੱਲੋਂ ਨੂੰਹ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 10 ਮਾਰਚ ਨੂੰ ਵਾਪਰੀ, ਜਿਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨਿਹਾਰਿਕਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ-2016 ’ਚ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸੱਸ-ਸੁਹਰੇ ਵੱਲੋਂ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਗ ਕੀਤਾ ਜਾਣ ਲੱਗ ਪਿਆ ਸੀ, ਜਿਸ ਕਾਰਨ ਘਰ ’ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਵੀ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ। ਦੇਖਦੇ ਹੀ ਦੇਖਦੇ ਬਹਿਸ ਤਕਰਾਰ ’ਚ ਤਬਦੀਲ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਉਸ ਦੀ ਸੱਸ ਸੋਨੀਆ ਸੇਠ ਨੇ ਨੁਕੀਲੀ ਵਸਤੂ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।