ਅਮਿਤ ਡਾਂਗਰ ਦਾ 3 ਦਿਨਾ ਪੁਲਿਸ ਰਿਮਾਂਡ ਮਿਲਿਆ
ਖ਼ਤਰਨਾਕ ਅਪਰਾਧੀ ਅਮਿਤ ਡਾਂਗਰ ਦਾ 3 ਦਿਨ ਪੁਲਿਸ ਰਿਮਾਂਡ ਮਿਲਿਆ
Publish Date: Tue, 20 Jan 2026 08:46 PM (IST)
Updated Date: Wed, 21 Jan 2026 04:19 AM (IST)

-ਗੈਂਗਸਟਰ ਕੌਸ਼ਲ ਚੌਧਰੀ ਭੇਜਿਆ ਜ਼ੇਲ੍ਹ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਲਗਜ਼ਰੀ ਕਾਰਾਂ ਦੇ ਰੈਂਟਲ ਸ਼ੋਅ ਰੂਮ ’ਤੇ ਫਾਇਰਿੰਗ ਦੇ ਮਾਮਲੇ ’ਚ ਝੱਜਰ ਜ਼ੇਲ੍ਹ ਵਿਚ ਬੰਦ ਖ਼ਤਰਨਾਕ ਅਪਰਾਧੀ ਅਮਿਤ ਡਾਂਗਰ ਨੂੰ ਮੁੱਲਾਂਪੁਰ ਪੁਲਿਸ ਨੇ ਲੁਧਿਆਣਾ ਅਦਾਲਤ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਬੀਤੀ ਕੱਲ੍ਹ ਇਸ ਤੋਂ ਪਹਿਲਾਂ ਗੁੜਗਾਉਂ ਜ਼ੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁਲਿਸ ਰਿਮਾਂਡ ’ਤੇ ਮੁੱਲਾਂਪੁਰ ਥਾਣੇ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਨੂੰ ਅਦਾਲਤ ਦੇ ਹੁਕਮਾਂ ’ਤੇ ਜੁਡੀਸ਼ੀਅਲ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਬੀਤੀ ਦੇਰ ਰਾਤ ਝੱਜਰ ਜ਼ੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਅਮਿਤ ਡਾਂਗਰ ਤੋਂ ਪੁਲਿਸ ਨੇ ਭਾਰੀ ਸੁਰੱਖਿਆ ਵਿਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਅਮਿਤ ਡਾਂਗਰ ਖਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਹੈ, ਉਸ ਖ਼ਿਲਾਫ਼ ਕਤਲ, ਫਾਇਰਿੰਗ ਸਮੇਤ 40 ਦੇ ਕਰੀਬ ਸੰਗੀਨ ਮਾਮਲੇ ਦਰਜ ਹਨ। ਜਿਸ ਨੂੰ ਲੈ ਕੇ ਮੁੱਲਾਂਪੁਰ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਮੁੱਲਾਂਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਗੈਂਗਸਟਰ ਕੌਸ਼ਲ ਚੌਧਰੀ ਦੀ ਪੁੱਛਗਿੱਛ ਤੋਂ ਬਾਅਦ ਫਾਇਰਿੰਗ ਮਾਮਲੇ ਵਿਚ ਅਮਿਤ ਡਾਂਗਰ ਦਾ ਨਾਮ ਸਾਹਮਣੇ ਆਉਣ ’ਤੇ ਉਸਨੂੰ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਫਾਇਰਿੰਗ ਮਾਮਲੇ ’ਚ ਭੂਮਿਕਾ ਪੁਲਿਸ ਪੁੱਛਗਿੱਛ ਮੁਕੰਮਲ ਹੋਣ ’ਤੇ ਪਤਾ ਲੱਗੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਗੀਨ ਮਾਮਲੇ ਵਿਚ ਪੁਲਿਸ ਨੂੰ ਕਈ ਸੁਰਾਗ ਲੱਗੇ ਹਨ ਅਤੇ ਪੁਲਿਸ ਦੀ ਜਾਂਚ ਅੱਗੇ ਵਧੀ ਹੈ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਬਾਰੇ ਅਜੇ ਕੋਈ ਖੁਲਾਸਾ ਕਰਨਾ ਠੀਕ ਨਹੀਂ। ਇਥੇ ਵਰਣਨਯੋਗ ਹੈ ਕਿ ਬੀਤੀ 10 ਜਨਵਰੀ ਨੂੰ ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਸਥਿਤ ਰਾਇਲ ਲਿਮੋਜ਼ ਕਾਰਾਂ ਦੇ ਲਗਜ਼ਰੀ ਰੈਂਟਲ ਸ਼ੋਅ ਰੂਮ ਦੇ ਬਾਹਰ ਸਵੇਰੇ ਕਰੀਬ 10:30 ਵਜੇ ਦੋ ਮੋਟਰਸਾਈਕਲ ਸਵਾਰ ਆਉਂਦੇ ਹਨ ਅਤੇ ਫਾਇਰਿੰਗ ਕਰਕੇ ਗੈਂਗਸਟਰ ਪਵਨ ਸ਼ੌਕੀਨ ਅਤੇ ਮਹੱਬਤ ਰੰਧਾਵਾ ਦੇ ਨਾਮ ਦੀਆਂ ਪਰਚੀਆਂ ਸੁੱਟ ਕੇ ਫਰਾਰ ਹੋ ਜਾਂਦੇ ਹਨ। ਸ਼ਾਮ ਨੂੰ ਸ਼ੋਅ ਰੂਮ ਦੇ ਮਾਲਕ ਨੂੰ ਦੋ ਕਰੋੜ ਰੁਪਏ ਦੀ ਫਿਰੌਤੀ ਦੇਣ ਦਾ ਧਮਕੀ ਭਰਿਆ ਫੋਨ ਆਉਂਦਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਵਨ ਸ਼ੌਕੀਨ ਅਤੇ ਮਹੱਬਤ ਰੰਧਾਵਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਂਦਾ ਹੈ।