ਵੈਟਰਨਰੀ ਯੂਨੀਵਰਸਿਟੀ ’ਚ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਕਰਵਾਇਆ
ਵੈਟਰਨਰੀ ਯੂਨੀਵਰਸਿਟੀ ਵਿਖੇ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਦੀ ਸਮਾਪਤੀ
Publish Date: Fri, 06 Mar 2026 07:00 PM (IST)
Updated Date: Fri, 06 Mar 2026 07:03 PM (IST)

- ਇੱਕ ਔਰਤ ਤੇ ਤਿੰਨ ਵਿਦੇਸ਼ਾਂ ਤੋਂ ਪਰਤੇ ਨਾਗਰਿਕਾਂ ਸਮੇਤ 55 ਸਿੱਖਿਆਰਥੀਆਂ ਨੇ ਲਿਆ ਹਿੱਸਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਹਫ਼ਤੇ ਦਾ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਸਿਖਲਾਈ ਕੋਰਸ ਵਿੱਚ ਨੌਜਵਾਨਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵਾਪਸ ਆਏ ਨਾਗਰਿਕਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਗਹਿਰੀ ਰੁਚੀ ਵਿਖਾਈ। ਕੁੱਲ 55 ਸਿੱਖਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਤਿੰਨ ਵਿਦੇਸ਼ਾਂ ਤੋਂ ਪਰਤੇ ਨਾਗਰਿਕ ਸਨ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਪ੍ਰਭਾਵਸ਼ਾਲੀ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਪਸਾਰ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਗਿਆਨਕ ਗਿਆਨ, ਹੁਨਰ ਆਧਾਰਿਤ ਸਿਖਲਾਈ ਅਤੇ ਤਕਨੀਕੀ ਸਹਾਇਤਾ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਲਈ ਯੂਨੀਵਰਸਿਟੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੀ ਹੈ। ਇਸ ਮੌਕੇ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ, ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਡੇਅਰੀ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਇਆ। ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਨੇ ਕਿਹਾ ਕਿ ਇਸ ਸਿਖਲਾਈ ਵਿੱਚ ਸਿਧਾਂਤਕ ਪਹਿਲੂਆਂ ਨੂੰ ਵਿਹਾਰਕ ਗਿਆਨ ਦੇ ਨਾਲ ਜੋੜਿਆ ਗਿਆ ਸੀ, ਜਿਸ ਤਹਿਤ ਪਸ਼ੂਆਂ ਦੀ ਢੁੱਕਵੀਂ ਰਿਹਾਇਸ਼, ਸੰਤੁਲਿਤ ਖੁਰਾਕ, ਲੇਵੇ ਦੀ ਸੋਜ ਤੋਂ ਬਚਾਉ ਪ੍ਰਬੰਧ, ਟੀਕਾਕਰਨ, ਸਾਫ ਦੁੱਧ ਉਤਪਾਦਨ, ਪ੍ਰਜਣਨ ਪ੍ਰਬੰਧਨ, ਜੈਵਿਕ ਸੁਰੱਖਿਆ ਅਤੇ ਡੇਅਰੀ ਮੰਡੀਕਾਰੀ ਸ਼ਾਮਲ ਸੀ। ਬਿਸ਼ਪ ਪ੍ਰਤਾਪ ਸਿੰਘ, ਬੈਂਕ ਆਫ ਬੜੌਦਾ ਨੇ ਵਿੱਤੀ ਸਹਾਇਤਾ ਅਤੇ ਕਰਜ਼ਾ ਲੈਣ ਸਬੰਧੀ ਨੁਕਤੇ ਸਾਂਝੇ ਕੀਤੇ। ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਡੇਅਰੀ ਕਿਸਾਨਾਂ ਲਈ ਸਰਕਾਰੀ ਯੋਜਨਾਵਾਂ ਅਤੇ ਵਿਭਾਗੀ ਸਹਾਇਤਾ ਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਡਾ. ਰਾਕੇਸ਼ ਕੁਮਾਰ ਸ਼ਰਮਾ, ਨਿਰਦੇਸ਼ਕ ਖੇਤੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਨੇ ਪ੍ਰਤੀਭਾਗੀਆਂ ਨੂੰ ਵਿਗਿਆਨਕ ਡੇਅਰੀ ਅਭਿਆਸਾਂ ਅਤੇ ਉਦਮੀਪਨ ਪਹੁੰਚ ਨੂੰ ਅਪਨਾਉਣ ਲਈ ਪ੍ਰੇਰਿਆ। ਇਸ ਮੌਕੇ ਡਾ. ਰਵਦੀਪ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਵੱਲੋਂ ਵਿਦਿਆਰਥੀ ਡਾ. ਸੁਚਪ੍ਰੇਮ ਕੌਰ ਨਾਲ ਸਾਂਝੇ ਤੌਰ ’ਤੇ ਪ੍ਰੋਗਰਾਮ ਕਰਵਾਇਆ ਗਿਆ।