ਤੇਜ਼ ਰਫ਼ਤਾਰ ਸਕੂਲ ਬੱਸ ਨੇ ਸਾਈਕਲ ਸਵਾਰ ਦਰੜਿਆ, ਮੌਤ
ਤੇਜ਼ ਰਫਤਾਰ ਸਕੂਲ ਬੱਸ ਨੇ ਸਾਈਕਲ ਸਵਾਰ ਦਰੜਿਆ, ਹੋਈ ਮੌਤ
Publish Date: Wed, 25 Mar 2026 07:05 PM (IST)
Updated Date: Thu, 26 Mar 2026 04:05 AM (IST)

* ਬੱਸ ਚਾਲਕ ਦੀ ਹੋਈ ਸ਼ਨਾਖਤ, ਪਰਚਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਚੰਡੀਗੜ੍ਹ ਰੋਡ ਸਥਿੱਤ ਮੁੰਡੀਆਂ ਸਕੂਲ ਕੱਟ ਕੋਲ ਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਨੂੰ ਨਿੱਜੀ ਸਕੂਲ ਬੱਸ ਨੇ ਦਰੜ ਦਿੱਤਾ। ਇਸ ਹਾਦਸੇ ’ਚ ਸਾਈਕਲ ਸਵਾਰ ਪੱਪੂ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਗੁਰੂ ਨਾਨਕ ਨਗਰ ਮੁੰਡੀਆ ਕਲਾ ਵਾਸੀ ਰੁਪੇਸ਼ ਕੁਮਾਰ ਦੇ ਬਿਆਨ ’ਤੇ ਥਾਣਾ ਜਮਾਲਪੁਰ ਪੁਲਿਸ ਨੇ ਕਾਰ ਚਾਲਕ ਦੀ ਸ਼ਨਾਖਤ ਮੁੰਡੀਆਂ ਖੁਰਦ ਵਾਸੀ ਨਿਰਭੈ ਸਿੰਘ ਵਜੋਂ ਕਰਦੇ ਹੋਏ ਬੱਸ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਰੂਪੇਸ਼ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਇਸ ਦੁਰਘਟਨਾ ਵਾਲੇ ਦਿਨ ਕਰੀਬ ਸਾਢੇ ਅੱਠ ਵਜੇ ਉਸ ਦਾ ਚਾਚਾ ਪੱਪੂ ਉਮਰ ਕਰੀਬ 46 ਸਾਲ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਉਹ ਵੀ ਆਪਣੇ ਚਾਚੇ ਦੇ ਪਿੱਛੇ ਪਿੱਛੇ ਆ ਰਿਹਾ ਸੀ। ਜਦੋਂ ਉਹ ਮੁੰਡੀਆ ਸਕੂਲ ਕੱਟ ਚੰਡੀਗੜ੍ਹ ਰੋਡ ਪੁੱਜੇ ਤਾਂ ਇੱਕ ਨਿੱਜੀ ਸਕੂਲ ਦੀ ਬੱਸ ਦੇ ਚਾਲਕ ਨੇ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਬੱਸ ਚਲਾਉਂਦੇ ਹੋਏ ਉਸ ਦੇ ਚਾਚੇ ਪੱਪੂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਸੜਕ ਹਾਦਸੇ ’ਚ ਉਸਦਾ ਚਾਚਾ ਗੰਭੀਰ ਫੱਟੜ ਹੋ ਗਿਆ। ਉਹ ਫੱਟੜ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਲੈ ਆਏ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਤੇ ਚਾਚੇ ਨੂੰ ਮ੍ਰਿਤਕ ਐਲਾਨ ਦਿੱਤਾ। ਦੁਰਘਟਨਾ ਦੇ ਤਫਤੀਸ਼ੀ ਅਧਿਕਾਰੀ ਗੁਰਿੰਦਰ ਸਿੰਘ ਮੁਤਾਬਕ ਮ੍ਰਿਤਕ ਤੇ ਭਤੀਜੇ ਦੇ ਬਿਆਨ ਉੱਪਰ ਮੁਲਜਮ ਖਿਲਾਫ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਉਦਮ ਸ਼ੁਰੂ ਕਰ ਦਿੱਤੇ ਗਏ ਹਨ।