ਐੱਸਬੀਆਈ ਦੀ ਗਲਤੀ ਕਾਰਨ ਕਰਜ਼ੇ ਦੀ ਕਿਸ਼ਤ ਬਾਊਂਸ ਹੋਣ ’ਤੇ ਗਾਹਕ ਖਫ਼ਾ
ਐੱਸਬੀਆਈ ਦੀ ਗਲਤੀ ਕਾਰਨ ਲੌਨ ਕਿਸ਼ਤ ਬਾਊਂਸ ਹੋਣ ’ਤੇ ਗਾਹਕ ਖਫ਼ਾ
Publish Date: Mon, 05 Jan 2026 08:06 PM (IST)
Updated Date: Tue, 06 Jan 2026 04:09 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਦੇ ਸਟੇਟ ਬੈਂਕ ਆਫ਼ ਇੰਡੀਆ ਦੀ ਗਲਤੀ ਕਾਰਨ ਕਰਜ਼ੇ ਦੀ ਕਿਸ਼ਤ ਬਾਊਂਸ ਹੋਣ ’ਤੇ ਖਫ਼ਾ ਹੋਏ ਗਾਹਕ ਨੇ ਉਚ ਅਧਿਕਾਰੀਆਂ ਤਕ ਸ਼ਿਕਾਇਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਕਾਰਵਾਈ ਨਾ ਹੋਈ ਤਾਂ ਉਹ ਆਰਬੀਆਈ ਦਾ ਬੂਹਾ ਖੜਕਾਉਣਗੇ। ਇਸ ਸਬੰਧੀ ਜਗਰਾਓਂ ਦੇ ਨਵਦੀਪਕ ਗਰਗ ਵਾਸੀ ਮੁਹੱਲਾ ਰਾਮ ਨਗਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਗਰਾਓਂ ਦੇ ਸਟੇਟ ਬੈਂਕ ਆਫ ਇੰਡੀਆ ਦੀ ਲਾਜਪਤ ਰਾਏ ਰੋਡ ਬ੍ਰਾਂਚ ਤੋਂ ਕਾਰ ਲਈ ਕਰਜ਼ਾ ਲਿਆ ਸੀ। ਇਸ ਕਾਰ ਦੇ ਕਰਜ਼ੇ ਦੀ ਕਿਸ਼ਤ ਉਨ੍ਹਾਂ ਦੇ ਖਾਤੇ ਵਿਚੋਂ ਆਟੋ ਡੈਬਿਟ ਹੋ ਜਾਵੇ ਦੇ ਲਈ ਉਨ੍ਹਾਂ ਨੇ ਬਕਾਇਦਾ ਆਪਣੇ ਬੈਂਕ ਦੇ 5 ਖਾਲੀ ਚੈੱਕ ਅਤੇ ਹੋਰ ਲੋੜੀਂਦੇ ਦਸਤਾਵੇਜ਼ ਬੈਂਕ ਵਿਚ ਜਮ੍ਹਾਂ ਕਰਵਾਏ। ਉਨ੍ਹਾਂ ਕਿਹਾ ਕਿ ਬੀਤੇ ਸ਼ਨੀਵਾਰ ਨੂੰ ਜਦੋਂ ਉਨ੍ਹਾਂ ਦੇ ਖਾਤੇ ਵਿਚੋਂ ਕਾਰ ਦੇ ਕਰਜ਼ੇ ਦੀ ਕਿਸ਼ਤ ਆਟੋ ਡੈਬਿਟ ਨਾ ਹੋਈ ਤਾਂ ਉਨ੍ਹਾਂ ਵੱਲੋਂ ਬ੍ਰਾਂਚ ਨਾਲ ਸੰਪਰਕ ਵੀ ਕੀਤਾ ਗਿਆ ਅਤੇ ਇਸ ਬਾਰੇ ਦੱਸਿਆ ਗਿਆ।
ਅੱਜ ਹੈਰਾਨੀ ਉਦੋਂ ਹੋਈ ਜਦੋਂ ਬ੍ਰਾਂਚ ਵੱਲੋਂ ਮੇਲ ਕਰਕੇ ਉਨ੍ਹਾਂ ਨੂੰ ਕਿਸ਼ਤ ਬਾਊਂਸ ਹੋਣ ਬਾਰੇ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਵਿਚ ਜਦੋਂ ਉਨ੍ਹਾਂ ਦੀ ਕੋਈ ਗਲਤੀ ਨਹੀਂ ਪਰ ਇਸ ਦੇ ਬਾਵਜੂਦ ਕਰਜ਼ੇ ਦੀ ਕਿਸ਼ਤ ਬਾਊਂਸ ਹੋਣ ਕਾਰਨ ਉਨ੍ਹਾਂ ਦਾ ਸਿੱਬਲ ਸਕੋਰ ਖਰਾਬ ਹੋਇਆ ਹੈ। ਜਦਕਿ ਉਸ ਦੇ ਬੈਂਕ ਖਾਤੇ ਵਿਚ ਲੋੜੀਂਦੀ ਰਕਮ ਅਤੇ ਆਟੋ ਡੈਬਿਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਸਨ। ਇਸ ਤੇ ਉਨ੍ਹਾਂ ਜਦੋਂ ਬੈਂਕ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਮੈਨੇਜਰ ਵੱਲੋਂ ਵੀ ਇਸ ਵੱਡੀ ਖਾਮੀ ਦੀ ਜਾਂਚ ਕਰਨ ਦੀ ਥਾਂ ਰੁੱਖਾ ਵਿਹਾਰ ਕੀਤਾ। ਇਸ ’ਤੇ ਉਨ੍ਹਾਂ ਨੇ ਬੈਂਕ ਦੇ ਰਿਜ਼ਨਲ ਮੈਨੇਜਰ ਨੂੰ ਲਿਖਤੀ ਸ਼ਿਕਾਇਤ ਕੀਤੀ। ਕਾਰਵਾਈ ਨਾ ਹੋਣ ’ਤੇ ਉਹ ਰਿਜ਼ਰਵ ਬੈਂਕ ਆਫ ਇੰਡੀਆ ਤਕ ਸ਼ਿਕਾਇਤ ਲੈ ਕੇ ਜਾਣਗੇ। ਇਸ ਸਬੰਧ ਵਿਚ ਬੈਂਕ ਦੇ ਮੈਨੇਜਰ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਟੋ ਡੈਬਿਟ ਦੀਆਂ ਸ਼ਰਤਾਂ ਪੂਰੀਆਂ ਕਰਨ ’ਤੇ ਵੀ ਕਿਸ਼ਤ ਬਾਊਂਸ ਹੋਣ ਦੇ ਮਾਮਲੇ ਵਿਚ ਜ਼ਰੂਰ ਕੋਈ ਬੈਂਕ ਵਿਚ ਖਾਮੀ ਹੋ ਸਕਦੀ ਹੈ ਪਰ ਉਨ੍ਹਾਂ ਵੱਲੋਂ ਉਕਤ ਗਾਹਕ ਨੂੰ ਇਸ ਸਬੰਧ ਵਿਚ ਫੀਲਡ ਅਫਸਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਸਾਰਾ ਕੁਝ ਚੈਕ ਕਰਨ ਲਈ ਉਨ੍ਹਾਂ ਵੱਲੋਂ ਆਪਣਾ ਲੌਨ ਖਾਤਾ ਨੰਬਰ ਦੱਸਿਆ ਗਿਆ।