ਸ਼ੋਅਰੂਮ ’ਚ ਕਰੋੜਾਂ ਦਾ ਗਬਨ ਕਰਨ ’ਤੇ ਮਹਿਲਾ ਕੈਸ਼ੀਅਰ ’ਤੇ ਧੋਖਾਧੜੀ ਦੇ ਗੰਭੀਰ ਦੋਸ਼
ਆਟੋ ਮੋਬਾਇਲ ਦੇ ਸ਼ੋਅਰੂਮ ਵਿੱਚ ਕੀਤਾ ਕਰੋੜਾਂ ਦਾ ਗਬਨ, ਮਹਿਲਾ ਕੈਸ਼ੀਅਰ ’ਤੇ ਲੱਗੇ ਧੋਖਾਧੜੀ ਦੇ ਗੰਭੀਰ ਦੋਸ਼
Publish Date: Tue, 17 Mar 2026 09:50 PM (IST)
Updated Date: Wed, 18 Mar 2026 04:16 AM (IST)

ਕ੍ਰਾਈਮ ਰਿਪਰੋਟਰ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਆਟੋ ਮੋਬਾਇਲ ਸੈਕਟਰ ਵਿੱਚ ਇਕ ਵੱਡੇ ਪੱਧਰ ’ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਲਾ ਕੈਸ਼ੀਅਰ ’ਤੇ ਕਰੋੜਾਂ ਰੁਪਏ ਦੇ ਗਬਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਸ਼ਿਕਾਇਤਕਾਰ ਇੰਦਰ ਮੋਹਨ ਪਾਲ ਸਿੰਘ ਵਾਸੀ ਕਰੋਲ ਬਾਗ ਨੇ ਪੁਲਿਸ ਨੂੰ ਦਿੱਤੀ। ਆਪਣੀ ਸ਼ਿਕਾਇਤ ਵਿੱਚ ਇੰਦਰ ਮੋਹਨ ਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਨੇ ਪੂਜਾ ਯਾਦਵ ਨੂੰ 8 ਅਕਤੂਬਰ 2025 ਨੂੰ ਲੁਧਿਆਣਾ ਸਥਿਤ ਸ਼ੋਅਰੂਮ ਵਿੱਚ ਕੈਸ਼ੀਅਰ ਵਜੋਂ ਨਿਯੁਕਤ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ, ਮਹਿਲਾ ਨੂੰ ਕੈਸ਼ ਅਤੇ ਲੈਣ-ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਉਸ ਨੇ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦੇ ਹੋਏ ਬਿਲਿੰਗ ਸਿਸਟਮ ਅਤੇ ਰਸੀਦਾਂ ਵਿੱਚ ਹੇਰਾਫੇਰੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੰਪਨੀ ਦੇ ਅਕਾਊਂਟਸ ਵਿਭਾਗ ਵੱਲੋਂ ਰੂਟੀਨ ਆਡਿਟ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪੂਜਾ ਯਾਦਵ ਗ੍ਰਾਹਕਾਂ ਨੂੰ ਨਕਲੀ ਅਤੇ ਡੁਪਲੀਕੇਟ ਰਸੀਦਾਂ ਜਾਰੀ ਕਰਦੀ ਸੀ ਅਤੇ ਇੱਕ ਹੀ ਯੂਨਿਕ ਟ੍ਰਾਂਜ਼ੈਕਸ਼ਨ ਰੈਫਰੈਂਸ (ਯੂਪੀਆਰ) ਨੰਬਰ ਨੂੰ ਕਈ ਵੱਖ-ਵੱਖ ਰਸੀਦਾਂ ’ਤੇ ਵਰਤਦੀ ਸੀ। ਇਸ ਤੋਂ ਇਲਾਵਾ, ਗ੍ਰਾਹਕਾਂ ਤੋਂ ਨਕਦ ਰਕਮ ਲੈ ਕੇ ਉਸ ਨੂੰ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਕੋਲ ਰੱਖ ਲੈਂਦੀ ਸੀ। ਸ਼ਿਕਾਇਤ ’ਚ ਇਹ ਵੀ ਦੱਸਿਆ ਗਿਆ ਕਿ ਪੀਜੀਡੀ ਨੰਬਰ 711395/710633 ਹੇਠ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਇਹ ਸਾਰੀ ਧੋਖਾਧੜੀ ਬੇਨਕਾਬ ਹੋਈ, ਜਿਸ ਤੋਂ ਬਾਅਦ 1 ਦਸੰਬਰ 2025 ਨੂੰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਲੰਬੀ ਜਾਂਚ ਅਤੇ ਦਸਤਾਵੇਜ਼ਾਂ ਦੀ ਪੜਤਾਲ ਮਗਰੋਂ ਥਾਣਾ ਮੋਤੀ ਨਗਰ ਪੁਲਿਸ ਨੇ ਦੋਸ਼ੀ ਪੂਜਾ ਯਾਦਵ ਵਾਸੀ ਤਾਜਪੁਰ ਇਨਕਲੇਵ, ਮੁੰਡੀਆਂ ਕਲਾਂ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਾਹਿਬ ਕੁਮਾਰ ਨੇ ਦੱਸਿਆ ਕਿ ਮਹਿਲਾ ਦੋਸ਼ੀ ਦੀ ਤਲਾਸ਼ ਜਾਰੀ ਹੈ ਤੇ ਗਬਨ ਕੀਤੀ ਗਈ ਕੁੱਲ ਰਕਮ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ’ਚ ਇਹ ਰਕਮ ਕਰੋੜਾਂ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।