ਟਰਾਇਲ ਤੇ ਰੱਖਿਆ ਰਸੋਈਆ ਘਰ ਚੋਂ 950 ਗ੍ਰਾਮ ਚਾਂਦੀ ਲੈ ਕੇ ਫਰਾਰ
ਟਰਾਇਲ ਤੇ ਰੱਖਿਆ ਰਸੋਈਆ ਘਰ ਚੋਂ 950 ਗ੍ਰਾਮ ਚਾਂਦੀ ਲੈ ਕੇ ਹੋਇਆ ਰਫੂ ਚੱਕਰ
Publish Date: Wed, 04 Feb 2026 09:04 PM (IST)
Updated Date: Wed, 04 Feb 2026 09:05 PM (IST)

ਕੋਠੀ ਦੇ ਮਾਲਕ ਦੀ ਸ਼ਿਕਾਇਤ ਤੇ ਮੁਲਜ਼ਮ ਦੇ ਖਿਲਾਫ ਐਫਆਈਆਰ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਗੁਰਦੇਵ ਨਗਰ ਇਲਾਕੇ ਦੀ ਇੱਕ ਕੋਠੀ ਵਿੱਚ ਟਰਾਇਲ ਤੇ ਰੱਖਿਆ ਰਸੋਈਆ ਘਰ ਚੋਂ 950 ਗ੍ਰਾਮ ਚਾਂਦੀ ਦੇ ਭਾਂਡੇ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਘਰ ਦੇ ਮਾਲਕ ਹੌਜ਼ਰੀ ਕਾਰੋਬਾਰੀ ਵਿਜੇ ਘਈ ਦੀ ਸ਼ਿਕਾਇਤ ਤੇ ਰਸੋਈਏ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਬਿਆਨ ਦਿੰਦਿਆਂ ਵਿਜੇ ਘਈ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਠੀ ਵਿੱਚ ਰਸੋਈਏ ਦੀ ਜਰੂਰਤ ਸੀ। ਨੌਕਰ ਰਖਵਾਉਣ ਵਾਲੀ ਕੰਪਨੀ ਦੀ ਸਾਨਾ ਖੁਰਾਣਾ ਨੇ ਉਨ੍ਹਾਂ ਦੇ ਘਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਜੇ ਕੁਮਾਰ ਭੇਜਿਆ। ਪਰਿਵਾਰ ਨੇ ਅਜੇ ਨੂੰ ਟਰਾਇਲ ਲਈ ਘਰ ਬੁਲਾਇਆ ਅਤੇ ਰਸੋਈ ਵਿੱਚ ਖਾਣਾ ਤਿਆਰ ਕਰਨ ਲਈ ਆਖਿਆ। ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਹੋਰ ਕੰਮਾਂ ਵਿੱਚ ਰੁੱਝ ਗਏ। ਕੁਝ ਸਮੇਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਕਿ ਰਸੋਈਆ ਘਰ ਵਿੱਚ ਮੌਜੂਦ ਨਹੀਂ ਹੈ। ਘਰ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਕਿ ਮੰਦਰ ਚੋਂ ਚਾਂਦੀ ਦੇ ਗਹਿਣੇ ਅਤੇ ਭਾਂਡੇ ਗਾਇਬ ਹੋ ਚੁੱਕੇ ਸਨ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕੇ ਮੁਲਜ਼ਮ ਅਜੇ ਕੁਮਾਰ ਘਰ ਚੋਂ ਚਾਂਦੀ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਆਖਿਆ ਕਿ ਜਿਸ ਏਜੰਟ ਨੇ ਰਸੋਈਏ ਨੂੰ ਪਰਿਵਾਰ ਨਾਲ ਮਿਲਾਇਆ ਸੀ ਉਸ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ। ਏਜੰਟ ਦੀ ਭੂਮਿਕਾ ਦੀ ਜਾਂਚ ਕਰਕੇ ਪੁਲਿਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰੇਗੀ।