ਵੱਖ-ਵੱਖ ਥਾਈਂ ਕੁੱਟਮਾਰ ਦੇ ਮਾਮਲਿਆਂ ’ਚ ਤਿੰਨ ਜ਼ਖ਼ਮੀ, ਅੱਠ ਨਾਮਜ਼ਦ
ਡੇਹਲੋਂ ਇਲਾਕੇ ਵਿੱਚ ਲਗਾਤਾਰ ਝਗੜਿਆਂ ਦੀਆਂ ਵਾਰਦਾਤਾਂ, ਦੋ ਵੱਖ-ਵੱਖ ਹਮਲਿਆਂ ’ਚ ਕਈ ਜ਼ਖਮੀ
Publish Date: Wed, 08 Apr 2026 08:53 PM (IST)
Updated Date: Thu, 09 Apr 2026 04:11 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਡੇਹਲੋਂ ਇਲਾਕੇ ’ਚ ਲੜਾਈ-ਝਗੜਿਆਂ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਥਾਵਾਂ ’ਤੇ ਹੋਈਆਂ ਦੋ ਵਾਰਦਾਤਾਂ ’ਚ ਦੋਸ਼ੀਆਂ ਵੱਲੋਂ ਹਥਿਆਰਾਂ ਨਾਲ ਹਮਲੇ ਕਰ ਕੇ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ। ਦੋਵੇਂ ਮਾਮਲਿਆਂ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਏ ਹਨ ਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਖੇਤ ’ਚ ਕੰਮ ਕਰਦੇ ਸਹੁਰੇ-ਜਵਾਈ ’ਤੇ ਹਮਲਾ, ਦੋਸ਼ੀ ਫਰਾਰ ਪਿੰਡ ਦੁਲੇਆ ’ਚ ਬੀਤੇ ਦਿਨੀਂ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਖੇਤ ’ਚ ਕੰਮ ਕਰ ਰਹੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਹੁਰੇ ਰਣਜੀਤ ਸਿੰਘ ਨਾਲ ਖੇਤ ਵਿੱਚ ਪਾਣੀ ਵਾਲਾ ਟਿਊਬਵੈੱਲ ਠੀਕ ਕਰ ਰਹੇ ਸਨ। ਇਸ ਦੌਰਾਨ ਟਹਿਲ ਸਿੰਘ, ਗੁਰਵੀਰ ਸਿੰਘ, ਜਸਮਨਦੀਪ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਡੰਡਿਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਤੁਰੰਤ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਕਾਰ ਅੱਗੇ ਲਾ ਕੇ ਜੋੜੇ ’ਤੇ ਕੀਤਾ ਹਮਲਾ, ਔਰਤ ਦੀ ਚੁੰਨੀ ਵੀ ਖੋਹ ਕੇ ਲੈ ਗਏ ਨਾਲ ਡੇਹਲੋਂ ਇਲਾਕੇ ’ਚ ਹੀ ਇਕ ਹੋਰ ਘਟਨਾ ’ਚ ਇਕ ਜੋੜੇ ’ਤੇ ਹਮਲਾ ਕਰ ਕੇ ਹਮਲਾਵਰਾਂ ਵੱਲੋਂ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨ ’ਚ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਵਿਪਨ ਸੂਦ ਨਾਲ ਘਰ ਨੇੜੇ ਗਲੀ ’ਚ ਪੈਦਲ ਜਾ ਰਹੀ ਸੀ। ਇਸ ਦੌਰਾਨ ਪ੍ਰਿਤਪਾਲ ਸਿੰਘ ਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਆਪਣੀ ਕਾਰ ਉਨ੍ਹਾਂ ਅੱਗੇ ਲਾ ਕੇ ਉਨ੍ਹਾਂ ਦਾ ਰਾਹ ਰੋਕ ਲਿਆ, ਜਿਸ ਤੋਂ ਤੁਰੰਤ ਬਾਅਦ ਮੁਲਜ਼ਮਾਂ ਨੇ ਵਿਪਨ ਸੂਦ ’ਤੇ ਕਿਰਪਾਨ ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਰਮਨਦੀਪ ਕੌਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਦੀ ਚੁੰਨੀ ਲਾਹ ਲਈ ਤੇ ਧਮਕੀਆਂ ਦਿੰਦਿਆਂ ਉਸ ਦੀ ਚੁੰਨੀ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਹਮਲੇ ’ਚ ਜ਼ਖਮੀ ਹੋਏ ਵਿਪਨ ਸੂਦ ਨੂੰ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਡੇਹਲੋਂ ਦੀ ਪੁਲਿਸ ਨੇ ਇਨ੍ਹਾਂ ਦੋਵਾਂ ਮਾਮਲਿਆਂ ’ਚ ਮੁਕੱਦਮੇ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।