ਕੰਸਟਰਕਸ਼ਨ ਕੰਪਨੀ ਦਾ 9 ਕਰੋੜ ਰੁਪਏ ਦਾ ਮਾਲ ਖੁਰਦ ਬੁਰਦ
ਕੰਸਟਰਕਸ਼ਨ ਕੰਪਨੀ ਦਾ 9 ਕਰੋੜ ਰੁਪਏ ਦਾ ਮਾਲ ਖੁਰਦ ਬੁਰਦ
Publish Date: Fri, 23 Jan 2026 06:35 PM (IST)
Updated Date: Fri, 23 Jan 2026 06:36 PM (IST)

2000 ਟਰੱਕਾਂ ਦੀ ਰੇਤ ,ਬਜਰੀ ਅਤੇ ਮਿੱਟੀ ਕੀਤੀ ਗਾਇਬ ਤਿਮਾਹੀ ਸਟਾਕ ਆਡਿਟ ਤੋਂ ਬਾਅਦ ਮਾਮਲਾ ਹੋਇਆ ਉਜਾਗਰ ਵੱਖ-ਵੱਖ ਫਰਮਾਂ ਦੇ ਮਾਲਕਾਂ ਤੇ ਮੁਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਵੱਡੇ ਪ੍ਰੋਜੈਕਟਾਂ ਦੀ ਉਸਾਰੀ ਕਰਨ ਵਾਲੀ ਕੰਸਟਰਕਸ਼ਨ ਕੰਪਨੀ ਦੀ 9 ਕਰੋੜ ਰੁਪਏ ਦੀ ਰੇਤ, ਬਜਰੀ ਅਤੇ ਮਿੱਟੀ ਖੁਰਦ ਬੁਰਦ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜਮਾਂ ਨੇ ਉਨਾਂ ਦੇ 2000 ਟਰੱਕਾਂ ਚੋਂ ਇਕ ਲੱਖ ਟਨ ਮਾਲ ਗਾਇਬ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਲੁਧਿਆਣਾ ਦੇ ਫੁੱਲਾਂਵਾਲ ਇਲਾਕੇ ਦੇ ਰਹਿਣ ਵਾਲੇ ਸਨੁਜ ਅਗਰਵਾਲ ਦੀ ਸ਼ਿਕਾਇਤ ਤੇ ਐਸਜੀਈ ਇਨਫਰਾਟੈਕ ਦੇ ਮਾਲਕ ਪੰਕਜ ਗਰਗ, ਮੋਹਨ ਸਿੰਘ, ਨਵਦੀਪ ਵਾਲੀਆ, ਸਾਕੇਤ, ਰੂਬਲ ਯਾਦਵਿੰਦਰ, ਰਵੀ , ਅੰਕਿਤ ਤਿਵਾੜੀ, ਸ਼ਿਵਮ ਮਿਨਰਲਜ ਦੇ ਮਾਲਕ ਰਾਮ ਬਿਲਾਸ ਅਗਰਵਾਲ, ਸ਼੍ਰੀ ਗਣੇਸ਼ ਕੰਸਟਰਕਸ਼ਨ ਦੇ ਮਾਲਕ ਅਸ਼ਵਨੀ, ਸਤੀਸ਼ ਅਤੇ ਇੰਨਾਂ ਫਰਮਾਂ ਦੇ ਮੁਲਾਜ਼ਮ ਮਨੋਜ ਰਾਜਸਥਾਨੀ , ਅਮਨ ਪੱਚਰ ਅਤੇ ਮੁਨੀਸ਼ ਦੇ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਫੁੱਲਾਂਵਾਲ ਦੇ ਵਾਸੀ ਸਨੁਜ ਅਗਰਵਾਲ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਟੈਗੋਰ ਨਗਰ ਇਲਾਕੇ ਵਿੱਚ ਲੀਗਲ ਇੰਡੀਆ ਲਿਮਿਟਡ ਨਾਮ ਦੀ ਕੰਪਨੀ ਚਲਾਉਂਦੇ ਹਨ, ਹਾਲ ਹੀ ਵਿੱਚ ਜਦੋਂ ਕੰਪਨੀ ਦਾ ਤਿਮਾਹੀ ਸਟਾਕ ਐਡਿਟ ਕੀਤਾ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਕੰਪਨੀ ਵਿੱਚੋਂ ਰੇਤ, ਬਜਰੀ ਅਤੇ ਮਿੱਟੀ ਦੇ ਮੋਟੇ ਸਟਾਕ ਦਾ ਘਪਲਾ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਲਜਮਾਂ ਨੇ ਉਹਨਾਂ ਦੀ ਫਰਮ ਵਿੱਚੋਂ ਕਰੀਬ 2000 ਟਰੱਕ ਜਿਸ ਵਿੱਚ ਕਰੀਬ ਇਕ ਲੱਖ ਟਨ ਰੇਤ, ਬੱਜਰੀ ਅਤੇ ਮਿੱਟੀ ਸੀ ਖੁਰਦ ਬੁਰਦ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗਾਇਬ ਹੋਈ ਰੇਤ ਬਜਰੀ ਅਤੇ ਮਿੱਟੀ ਦੀ ਕੀਮਤ 9 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਤੇ ਉੱਚ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਤਫਤੀਸ਼ੀ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਨੁਜ ਅਗਰਵਾਲ ਦੀ ਸ਼ਿਕਾਇਤ ਤੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।