ਜਾਅਲੀ ਦਸਤਾਵੇਜ਼ਾਂ ਨਾਲ ਗਲਾਡਾ ਦੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਬੇਨਕਾਬ
ਜਾਅਲੀ ਦਸਤਾਵੇਜ਼ਾਂ ਨਾਲ ਗਲਾਡਾ ਦੀ ਜਾਇਦਾਦ ਹੜਪਣ ਦੀ ਸਾਜ਼ਿਸ਼ ਬੇਨਕਾਬ
Publish Date: Fri, 13 Mar 2026 09:50 PM (IST)
Updated Date: Fri, 13 Mar 2026 09:51 PM (IST)
- ਦੁੱਗਰੀ ਦੀ ਜ਼ਮੀਨ ਲਈ ਨਕਲੀ ਅਲਾਟਮੈਂਟ ਲੈਟਰ ਬਣਾਇਆ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਲੁਧਿਆਣਾ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਜਾਇਦਾਦ ਹੜੱਪਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਦੇ ਹੋਏ ਨਕਲੀ ਅਲਾਟਮੈਂਟ ਲੈਟਰ ਅਤੇ ਲੱਖਾਂ ਰੁਪਏ ਦੀਆਂ ਜਾਅਲੀ ਬੈਂਕ ਰਸੀਦਾਂ ਤਿਆਰ ਕਰ ਦਿੱਤੀਆਂ। ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਗਲਾਡਾ ਦੇ ਮਿਲਖ ਅਫਸਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗਲਾਡਾ ਦਫ਼ਤਰ ਨੂੰ ਇੱਕ ਸ਼ਿਕਾਇਤ ਮਿਲੀ। ਸ਼ਿਕਾਇਤ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਦੁੱਗਰੀ ਇਲਾਕੇ ਵਿੱਚ ਸਥਿਤ ਇਕ ਘਰ ਨੂੰ ਕਿਸੇ ਵਿਅਕਤੀ ਦੇ ਨਾਂ ਅਲਾਟ ਦਿਖਾਉਂਦੇ ਹੋਏ ਜਾਅਲੀ ਅਲਾਟਮੈਂਟ ਲੈਟਰ ਤਿਆਰ ਕਰ ਦਿੱਤਾ ਸੀ। ਜਦੋਂ ਵਿਭਾਗ ਵੱਲੋਂ ਰਿਕਾਰਡ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਸਬੰਧੀ ਕੋਈ ਵੀ ਰਕਮ ਗਲਾਡਾ ਦੇ ਖਾਤੇ ਵਿੱਚ ਕਦੇ ਜਮ੍ਹਾਂ ਨਹੀਂ ਹੋਈ।
ਵਿਭਾਗ ਨੂੰ ਧੋਖੇ ਵਿੱਚ ਰੱਖਣ ਲਈ ਦੋਸ਼ੀਆਂ ਨੇ ਰਸੀਦ ਬੁੱਕ ਨੰਬਰ 1305 ਅਤੇ ਰਸੀਦ ਨੰਬਰ 60 (ਤਾਰੀਖ 1 ਦਸੰਬਰ 1998) ਦੀਆਂ ਜਾਅਲੀ ਕਾਪੀਆਂ ਵੀ ਫਾਈਲ ਨਾਲ ਜੋੜ ਦਿੱਤੀਆਂ ਸਨ। ਇਨ੍ਹਾਂ ਦਸਤਾਵੇਜ਼ਾਂ ਵਿੱਚ 3 ਲੱਖ ਰੁਪਏ ਅਤੇ 1.34 ਲੱਖ ਰੁਪਏ ਦੇ ਡਰਾਫਟ ਜਮ੍ਹਾਂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗਲਾਡਾ ਦੇ ਅਕਾਊਂਟ ਬ੍ਰਾਂਚ ਦੀ ਜਾਂਚ ਰਿਪੋਰਟ ਵਿੱਚ ਪੁਸ਼ਟੀ ਹੋਈ ਕਿ ਇਸ ਤਰ੍ਹਾਂ ਦੀ ਕੋਈ ਵੀ ਰਕਮ ਕਦੇ ਵੀ ਅਥਾਰਟੀ ਦੇ ਬੈਂਕ ਖਾਤੇ ਵਿੱਚ ਨਹੀਂ ਪਹੁੰਚੀ। ਇਸ ਤੋਂ ਇਲਾਵਾ ਘਰ ਦੀ ਕਬਜ਼ੇਦਾਰੀ ਨਾਲ ਸਬੰਧਿਤ ਕਾਗਜ਼ਾਤ ਵੀ ਪੂਰੀ ਤਰ੍ਹਾਂ ਜਾਅਲੀ ਪਾਏ ਗਏ ਹਨ। ਗਲਾਡਾ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਵੱਡੀ ਸਾਜ਼ਿਸ਼ ਵਿੱਚ ਕੋਈ ਅੰਦਰੂਨੀ ਵਿਅਕਤੀ, ਮੌਜੂਦਾ ਅਧਿਕਾਰੀ ਜਾਂ ਪੁਰਾਣਾ ਕਰਮਚਾਰੀ ਵੀ ਸ਼ਾਮਲ ਹੋ ਸਕਦਾ ਹੈ, ਜਿਸ ਨੇ ਦਹਾਕਿਆਂ ਪੁਰਾਣੇ ਰਿਕਾਰਡ ਤੱਕ ਪਹੁੰਚ ਬਣਾਈ। ਜਾਂਚ ਦੌਰਾਨ ਹੋਰ ਵੱਡੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।