ਜਾਣਕਾਰ ਨੇ ਦੁੱਧ ਕਾਰੋਬਾਰੀ ਕੋਲੋਂ ਉਡਾਈ ਲੱਖਾਂ ਦੀ ਨਕਦੀ
ਜਾਣਕਾਰ ਨੇ ਦੁੱਧ ਕਾਰੋਬਾਰੀ ਕੋਲੋਂ ਉਡਾਈ ਲੱਖਾਂ ਦੀ ਨਗਦੀ
Publish Date: Tue, 03 Mar 2026 09:22 PM (IST)
Updated Date: Wed, 04 Mar 2026 04:15 AM (IST)

* ਪੈਸੇ ਦਾ ਹਿਸਾਬ ਕਰਨ ਬੁਲਾਇਆ ਬੈਗ ਲੈ ਕੇ ਹੋਇਆ ਫ਼ਰਾਰ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਵਿੱਚ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਕੋਲੋਂ ਉਸ ਦੇ ਜਾਣਕਾਰ ਨੇ ਹੀ ਲੱਖਾਂ ਰੁਪਏ ਨਕਦੀ ਚੋਰੀ ਕਰ ਲਈ। ਸਥਾਨਕ ਮਾਡਲ ਟਾਊਨ ਇਲਾਕੇ ’ਚ ਹੋਈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੇ ਦੁੱਧ ਕਾਰੋਬਾਰੀ ਨੂੰ ਬਹਾਨੇ ਨਾਲ ਹਿਸਾਬ ਕਿਤਾਬ ਲਈ ਆਪਣੇ ਕੋਲ ਬੁਲਾਇਆ ਸੀ। ਇਸ ਵਾਰਦਾਤ ਦੀ ਪੜਤਾਲ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਹ ਮਾਮਲਾ ਵਾਰਦਾਤ ਦੇ ਸ਼ਿਕਾਰ ਹੋਏ ਅਰਵਿੰਦਰ ਸਿੰਘ ਦੇ ਬਿਆਨ ਉੱਪਰ ਉਸ ਦੇ ਕਾਰੋਬਾਰੀ ਜਾਣਕਾਰ ਨਰਿੰਦਰ ਸ਼ਰਮਾ ਉਰਫ ਰਾਹੁਲ ਵਾਸੀ ਰਿਸ਼ੀ ਨਗਰ ਖ਼ਿਲਾਫ਼ ਦਰਜ ਕੀਤਾ ਹੈ। ਅਰਵਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਹ ਦੁੱਧ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ। 2 ਜੂਨ ਵਾਲੇ ਦਿਨ ਉਹ ਆਪਣੇ ਕਾਰੋਬਾਰ ਦਾ ਭੁਗਤਾਨ ਦੇਣ ਲਈ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਨਰਿੰਦਰ ਸ਼ਰਮਾ ਉਰਫ ਰਾਹੁਲ ਨੇ ਉਸ ਨੂੰ ਹਿਸਾਬ ਕਿਤਾਬ ਕਰਨ ਲਈ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਜ਼ਦੀਕ ਬੁਲਾਇਆ। ਜਦੋਂ ਉਹ ਰਾਹੁਲ ਨੂੰ ਮਿਲਣ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਉਸ ਨੂੰ ਆਪਣੀ ਕਾਰ ਦੀ ਅਗਲੀ ਸੀਟ ’ਤੇ ਬਿਠਾ ਲਿਆ। ਕਾਰ ’ਚ ਬੈਠਣ ਮਗਰੋਂ ਉਹ ਦੁੱਧ ਦੇ ਹਿਸਾਬ ਨੂੰ ਲੈ ਕੇ ਗੱਲਬਾਤ ਕਰਨ ਲੱਗ ਗਏ ਅਤੇ ਅਰਵਿੰਦਰ ਸਿੰਘ ਬਾਥਰੂਮ ਜਾਣ ਲਈ ਕੁਝ ਮਿੰਟ ਲਈ ਕਾਰ ਤੋਂ ਉਤਰ ਕੇ ਬਾਹਰ ਗਏ। ਬਾਥਰੂਮ ਕਰ ਕੇ ਜਦੋਂ ਉਹ ਆਪਣੀ ਕਾਰ ਵੱਲ ਜਾ ਰਹੇ ਸਨ ਤਾਂ ਵੇਖਿਆ ਕਿ ਰਾਹੁਲ ਸ਼ਰਮਾ ਉਸ ਦੀ ਕਾਰ ’ਚ ਪਿਆ ਨਕਦੀ ਵਾਲਾ ਬੈਗ ਚੁੱਕ ਕੇ ਆਪਣੇ ਸਵਿਫਟ ਕਾਰ ਵੱਲ ਭੱਜ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਪਲਾਸਟਿਕ ਬੈਗ ’ਚ ਕਰੀਬ 31 ਲੱਖ ਰੁਪਏ ਦੀ ਰਕਮ ਸੀ, ਜੋ ਉਸ ਨੇ ਕਿਸੇ ਨੂੰ ਦੇਣ ਜਾਣਾ ਸੀ, ਪਰ ਮੁਲਜ਼ਮ ਇਹ ਪੈਸੇ ਲੈ ਕੇ ਉਸ ਦੀਆਂ ਅੱਖਾਂ ਸਾਹਮਣੇ ਹੀ ਕਾਰ ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।