ਕਾਂਗਰਸੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪੈਦਲ ਰੋਸ ਮਾਰਚ
ਔਰਤਾਂ ਦੀ ਪੰਜਾਬ ਸਰਕਾਰ ਵੱਲ ਰਹਿੰਦੀ 48,000 ਰੁਪਏ ਦੀ ਬਕਾਇਆ ਰਕਮ ਦੁਆਉਣ ਲਈ ਕਾਂਗਰਸੀਆਂ ਵੱਲੋਂ ਪੈਦਲ ਰੋਸ ਮਾਰਚ
Publish Date: Sat, 21 Mar 2026 09:02 PM (IST)
Updated Date: Sun, 22 Mar 2026 04:17 AM (IST)

ਔਰਤਾਂ ਦੀ ਪੰਜਾਬ ਸਰਕਾਰ ਵੱਲ ਰਹਿੰਦੀ 48,000 ਰੁਪਏ ਦੀ ਬਕਾਇਆ ਰਕਮ ਦੁਆਉਣ ਦੀ ਕੀਤੀ ਮੰਗ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਧਰ ’ਤੇ ਫੇਲ੍ਹ : ਤਲਵਾੜ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਔਰਤਾਂ ਦੀ ਪੰਜਾਬ ਸਰਕਾਰ ਵੱਲ ਰਹਿੰਦੀ 48,000 ਰੁਪਏ ਦੀ ਬਕਾਇਆ ਰਕਮ ਦੁਆਉਣ ਲਈ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਵਿੱਚ ਪੈਦਲ ਰੋਸ ਮਾਰਚ ਕੱਢਿਆ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਿਲਾਫ਼ ਪੈਦਲ ਰੋਸ ਪ੍ਰਦਰਸ਼ਨ ਮਾਰਚ ਹਲਕਾ ਲੁਧਿਆਣਾ ਪੂਰਬੀ ਦੇ ਨਿਊ ਪੰਜਾਬੀ ਬਾਗ ਚੌਂਕ ਟਾਵਰ ਲਾਇਨ ਨੰਬਰ 5 ਤੋਂ ਸ਼ੁਰੂ ਕਰਕੇ ਗੁਰਮੇਲ ਪਾਰਕ ਚੌਂਕ ਟਿੱਬਾ ਰੋਡ ਤੱਕ ਕੱਢਿਆ ਗਿਆ। ਤਲਵਾੜ ਨੇ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਹਰ ਪੱਧਰ ਤੇ ਫੇਲ੍ਹ ਸਾਬਤ ਹੋਈ ਹੈ ਅਤੇ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ’ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਹਰ ਵਾਅਦੇ ਨੂੰ ਮਸ਼ਹੂਰੀਆਂ ਰਾਹੀ ਹੀ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਤਲਵਾੜ ਨੇ ਕਿਹਾ ਕਿ ਚੋਣਾਂ ਦੌਰਾਨ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਔਰਤਾਂ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਔਰਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਵਾਅਦੇ ਤਹਿਤ ਹਰ ਔਰਤ ਦਾ ਲਗਭਗ ਪੰਜਾਬ ਸਰਕਾਰ ਵੱਲ 48,000 ਰੁਪਏ ਬਕਾਇਆ ਬਣਦਾ ਹੈ, ਜੋ ਅਜੇ ਤੱਕ ਕਿਸੇ ਵੀ ਮਹਿਲਾ ਨੂੰ ਨਹੀਂ ਮਿਲਿਆ। ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਆਵਾਜ਼ ਉਠਾ ਰਹੀ ਹੈ ਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਹੈ। ਔਰਤਾਂ ਦੇ ਹੱਕਾਂ ਨਾਲ ਖੇਡੀ ਜਾਂ ਰਹੀ ਖੇਡ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਆਈ ਹੈ ਅਤੇ ਅੱਗੇ ਵੀ ਲੋਕਾਂ ਦੇ ਮੁੱਦੇ ਉਠਾਉਂਦੀ ਰਹੇਗੀ। ਮਹਿਲਾਵਾਂ ਦੀ ਬਕਾਇਆ ਰਕਮ ਨੂੰ ਲੈ ਕੇ ਇਹ ਪ੍ਰਦਰਸ਼ਨ ਲੋਕਤਾਂਤਰਿਕ ਢੰਗ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਏ ਜਾ ਸਕਣ। ਇਸ ਪ੍ਰਦਰਸ਼ਨ ਰਾਹੀਂ ਸਰਕਾਰ ਨੂੰ ਸਾਫ ਸੰਦੇਸ਼ ਦਿੱਤਾ ਗਿਆ ਕਿ ਜੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ, ਤਾਂ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ। ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਅੱਗੇ ਰਹੀ ਹੈ ਅਤੇ ਮਹਿਲਾਵਾਂ ਦੀ ਬਕਾਇਆ ਰਕਮ ਦੀ ਅਦਾਇਗੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਪੈਦਲ ਮਾਰਚ ਵਿੱਚ ਜ਼ਿਲ੍ਹਾ ਮਹਿਲਾ ਪ੍ਰਧਾਨ ਪੂਰਬੀ ਹਲਕਾ ਦੇ ਬਲਾਕ ਪ੍ਰਧਾਨ, ਕੌਂਸਲਰ, ਸਾਬਕਾ ਕੌਂਸਲਰ, ਵਾਰਡ ਇੰਚਾਰਜ, ਮੰਡਲ ਪ੍ਰਧਾਨ, ਵਾਰਡ ਪ੍ਰਧਾਨ, ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।