ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਾਣ ਰਹੇ ਹਾਂ ਆਜ਼ਾਦੀ : ਦੀਵਾਨ
ਕਾਂਗਰਸ ਪਾਰਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ
Publish Date: Mon, 23 Mar 2026 06:54 PM (IST)
Updated Date: Tue, 24 Mar 2026 04:08 AM (IST)

ਸਟਾਫ ਪ੍ਰਤੀਨਿਧੀ, ਪੰਜਾਬੀ ਜਾਗਰਣ ,ਲੁਧਿਆਣਾ : ਕਾਂਗਰਸ ਪਾਰਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਸ਼ਹੀਦੀ ਦਿਵਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਸਰਾਭਾ ਨਗਰ ਵਿਖੇ ਇੱਕ ਸਮਾਗਮ ਦੌਰਾਨ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪਾਰਟੀ ਆਗੂਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਸੰਬੋਧਨ ਕਰਦਿਆਂ ਦੀਵਾਨ ਨੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਵੱਲੋਂ ਦਿੱਤੇ ਗਏ ਮਹਾਨ ਬਲੀਦਾਨਾਂ ਕਰਕੇ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਅੱਜ ਦਾ ਦਿਨ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਮਹਾਨ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਨੇ ਭਰੀ ਜਵਾਨੀ ਵਿੱਚ ਆਪਣੀ ਦੇਸ਼ ਭਗਤ ਸੋਚ ਅਤੇ ਬੇਮਿਸਾਲ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ, ਅੰਗਰੇਜ਼ੀ ਹਕੂਮਤ ਖਿਲਾਫ ਆਵਾਜ਼ ਉਠਾਈ ਅਤੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਨੇ ਸਾਨੂੰ ਸਿਖਾਇਆ ਹੈ ਕਿ ਸੱਚ ਅਤੇ ਨਿਆਂ ਲਈ ਖੜ੍ਹਾ ਹੋਣਾ ਸਭ ਤੋਂ ਵੱਡੀ ਹਿੰਮਤ ਹੈ। ਇਹਨਾਂ ਵੱਲੋਂ ਦਿਖਾਏ ਗਏ ਰਾਹ ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਸੀਸੀ ਮੈਂਬਰ ਸੁਸ਼ੀਲ ਮਲਹੋਤਰਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਗੁਰਨਾਮ ਸਿੰਘ ਕਲੇਰ, ਕੁਲਬੀਰ ਨੀਟਾ, ਜਸਵਿੰਦਰ ਸਿੰਘ ਓਸਾਹਨ, ਵਰੂਨ ਸ਼ਰਮਾ, ਸਤੀਸ਼ ਗਰਗ, ਨਿਰਭੈ ਸਿੰਘ ਰੰਗੂਵਾਲ, ਪ੍ਰਭਜੋਤ ਸਿੰਘ, ਵਰਿੰਦਰ ਸ਼ਰਮਾ ਵੀ ਮੌਜੂਦ ਰਹੇ।