ਉੱਦਮੀ ਹੁਨਰ ਦੀ ਮਜ਼ਬੂਤੀ ਲਈ ਕਰਵਾਇਆ ਸਿਖਲਾਈ ਪ੍ਰੋਗਰਾਮ
ਉੱਦਮੀ ਹੁਨਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Sun, 15 Mar 2026 08:04 PM (IST)
Updated Date: Mon, 16 Mar 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਉੱਦਮਤਾ ਵਿਕਾਸ ਅਤੇ ਆਮਦਨ ਪੈਦਾ ਕਰਨ ਲਈ ਸਾਫ਼ ਸੁਥਰਾ ਬਟੇਰ ਮੀਟ ਉਤਪਾਦਨ ਅਤੇ ਪ੍ਰਾਸੈਸਿੰਗ ਵਿਸ਼ੇ ਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਪੱਟੀ ਦਰਜ ਜਾਤੀਆਂ ਦੇ ਉਮੀਦਵਾਰਾਂ ਦੇ ਉੱਦਮੀ ਹੁਨਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨ ਵਾਲੇ 25 ਸਿਖਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਸਿਖਲਾਈ ਸਾਫ਼-ਸੁਥਰੇ ਉਤਪਾਦਨ, ਵਿਗਿਆਨਕ ਪ੍ਰਾਸੈਸਿੰਗ ਤਕਨੀਕਾਂ ਅਤੇ ਬਟੇਰ ਮੀਟ ਉਤਪਾਦਾਂ ਲਈ ਨਵੀਨਕਾਰੀ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਨੀਤੀ ’ਤੇ ਕੇਂਦ੍ਰਿਤ ਸੀ। ਡਾ. ਨਿਤਿਨ ਮਹਿਤਾ ਮੁਖੀ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਪਹਿਲਕਦਮੀ ਵਿੱਚ ਪਸ਼ੂਧਨ ਫਾਰਮ ਡਾਇਰੈਕਟੋਰੇਟ ਦਾ ਸਹਿਯੋਗ ਸ਼ਾਮਿਲ ਸੀ। ਪ੍ਰੋਗਰਾਮ ਵਿੱਚ ਬਟੇਰ ਮੀਟ ਉਤਪਾਦਨ ਅਤੇ ਪ੍ਰਾਸੈਸਿੰਗ ਵਿੱਚ ਹੱਥੀਂ ਸਿਖਲਾਈ ਦੇ ਨਾਲ-ਨਾਲ ਬੁਨਿਆਦੀ ਗਿਆਨ ਦਿੱਤਾ ਗਿਆ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫਐਸਐੱਸਏਆਈ) ਰਜਿਸਟ੍ਰੇਸ਼ਨ ਅਤੇ ਉੱਦਮੀਆਂ ਦੀ ਮਦਦ ਲਈ ਪ੍ਰਭਾਵਸ਼ਾਲੀ ਮੰਡੀਕਾਰੀ ਨੀਤੀਆਂ ਦੀ ਮਹੱਤਤਾ ਦਾ ਵੀ ਵਰਣਨ ਕੀਤਾ ਗਿਆ। ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਸਮਰੱਥਾ-ਨਿਰਮਾਣ ਪ੍ਰੋਗਰਾਮ ਕਿਸਾਨਾਂ ਅਤੇ ਛੋਟੇ ਪੈਮਾਨੇ ਦੇ ਉੱਦਮੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਟਿਕਾਊ ਖੇਤੀਬਾੜੀ-ਅਧਾਰਤ ਉੱਦਮਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਦੀ ਹੈ , ਜਿਸ ਨਾਲ ਸਵੈ-ਰੁਜ਼ਗਾਰ, ਆਰਥਿਕ ਬਿਹਤਰੀ ਅਤੇ ਸੁਚੱਜੇ ਜੀਵਨ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਡਾ. ਸਿੱਖ ਤੇਜਿੰਦਰ ਸਿੰਘ, ਨਿਰਦੇਸ਼ਕ, ਪਸ਼ੂਧਨ ਫਾਰਮ ਨੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਬਟੇਰ ਪਾਲਣ ਦੀਆਂ ਅਥਾਹ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦਾ ਸੰਯੋਜਨ ਡਾ. ਪੀਪੀ. ਦੂਬੇ, ਡਾ. ਪਵਨ ਕੁਮਾਰ, ਡਾ. ਐਸਕੇ. ਸਾਹੂ ਅਤੇ ਡਾ. ਰਾਜੇਸ਼ ਵੀ. ਵਾਘ ਦੁਆਰਾ ਕੀਤਾ ਗਿਆ ਸੀ, ਜਿਨ੍ਹਾਂ ਨੇ ਸਿਖਲਾਈ ਸੈਸ਼ਨਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਯਕੀਨੀ ਬਣਾਇਆ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਰਨਰੀ ਸਾਇੰਸ ਨੇ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੂੰ ਆਪਣੇ ਬਟੇਰ ਉਤਪਾਦਨ ਅਤੇ ਪ੍ਰਾਸੈਸਿੰਗ ਯੂਨਿਟ ਸਥਾਪਤ ਕਰਕੇ ਸਵੈ-ਰੁਜ਼ਗਾਰ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਸ਼ੂਧਨ ਉੱਦਮਾਂ ਦੇ ਮੁਨਾਫ਼ੇ ਨੂੰ ਬਿਹਤਰ ਬਣਾਉਣ ਵਿੱਚ ਗੁਣਵੱਤਾ ਵਧਾਉਣ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ।