ਗੰਦੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਛੱਡਣ ਦੀ ਨਿਖੇਧੀ
ਗੰਦੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਛੱਡਣ ਦੀ ਨਿਖੇਧੀ
Publish Date: Tue, 10 Mar 2026 06:22 PM (IST)
Updated Date: Tue, 10 Mar 2026 06:27 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ ਲੁਧਿਆਣਾ ਮੁਹਾਲੀ ਵਿਖੇ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਪੈਨਸ਼ਨਰਾਂ/ ਮੁਲਾਜ਼ਮਾਂ ਦੇ ਸਾਂਝੇ ਫਰੰਟ ‘ਤੇ ਅੱਥਰੂ ਗੈਸ ਛੱਡਣ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ। ਸੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰ ਭਵਨ ਇਨਫਾਰਮੇਸ਼ਨ ਅਤੇ ਮੈਨੇਜਮੈਂਟ ਕਮੇਟੀ ਪੰਜਾਬ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਦੁੱਗਾ ਨੇ ਦੱਸਿਆ ਕਿ ਪੈਨਸ਼ਨਰਜ਼ ਤੇ ਮੁਲਾਜ਼ਮ ਸਾਂਝਾ ਫਰੰਟ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਮੁਹਾਲੀ ਵਿਖੇ ਤਕੜਾ ਇੱਕਠ ਕਰਕੇ ਰੈਲੀ ਕੀਤੀ ਗਈ, ਪ੍ਰੰਤੂ ਸਰਕਾਰ ਨੇ ਉਨ੍ਹਾਂ ਦੀ ਗੱਲ ਸੁਣਨ ਅਤੇ ਮੰਗ ਪੱਤਰ ਲੈਣ ਦੀ ਬਜਾਏ ਗੰਦੇ ਪਾਣੀ ਦੀਆਂ ਬੁਛਾੜਾਂ ਅਤੇ ਕਾਫ਼ੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਜਿਵੇਂ ਉਹ ਮੁਲਾਜ਼ਮ/ਪੈਨਸ਼ਨਰ ਨਹੀਂ ਕੋਈ ਬਾਰਡਰ ਤੋਂ ਘੁਸਪੈਠ ਕਰਕੇ ਘੁਸਪੈਠੀਏ ਆਏ ਹੋਣ। ਪੈਨਸ਼ਨਰ ਭਵਨ ਲੁਧਿਆਣਾ ਦੀ ਸਮੁੱਚੀ ਮੈਨੇਜਮੈਂਟ/ਲੀਡਰਸ਼ਿਪ ਵੱਲੋਂ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਾ ਬਣਦਾ 16 ਫ਼ੀਸਦੀ ਡੀਏ ਘੱਟ ਦੇ ਰਹੀ ਹੈ ਅਤੇ 2.59 ਦਾ ਫੈਕਟਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਹੋਰ ਬਕਾਇਆ ਮੰਗਾਂ ਮੰਨਣ ਲਈ ਬਜਟ ਵਿੱਚ ਕੋਈ ਵਿਵਸਥਾ ਨਹੀ ਕੀਤੀ ਗਈ, ਜਿਸ ਕਾਰਨ ਪੈਨਸ਼ਨਰਾਂ/ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਸੁਸ਼ੀਲ ਕੁਮਾਰ ਅਤੇ ਸਮੂਹ ਮੈਂਬਰ ਪੈਨਸ਼ਨਰ ਭਵਨ ਲੁਧਿਆਣਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਆਖ਼ਰੀ ਚੋਣ ਵਰ੍ਹੇ ਵਿਚ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।