ਕਮਿਸ਼ਨਰੇਟ ਪੁਲਿਸ ਦੀ ਕਾਰਵਾਈ, 8 ਨਸ਼ਾ ਤਸਕਰ ਕਾਬੂ
ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ, 8 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Publish Date: Wed, 08 Apr 2026 09:46 PM (IST)
Updated Date: Thu, 09 Apr 2026 04:12 AM (IST)

* ਮੁਲਜ਼ਮਾਂ ਤੋਂ ਹੈਰੋਇਨ, ਗਾਂਜਾ ਤੇ ਪਾਬੰਦੀਸ਼ੁਦਾ ਗੋਲ਼ੀਆਂ ਕੀਤੀਆਂ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਣਾ ਖੇਤਰਾਂ ’ਚ ਵੱਡੀ ਕਾਰਵਾਈ ਕਰਦਿਆਂ 8 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜ਼ੇ ’ਚੋਂ 109 ਗ੍ਰਾਮ ਹੈਰੋਇਨ, 2 ਕਿੱਲੋ ਗ੍ਰਾਮ ਗਾਂਜਾ ਤੇ 40 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਰਿਮਾਂਡ ਹਾਸਲ ਕਰ ਕੇ ਨਸ਼ਾ ਸਪਲਾਈ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਗਸ਼ਤ ਦੌਰਾਨ ਬਸਤੀ ਜੋਧੇਵਾਲ ਪੰਚਸ਼ੀਲ ਕਾਲੋਨੀ ਦੇ ਰਹਿਣ ਵਾਲੇ ਇੱਕ ਦੋਸ਼ੀ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਮਨੋਹਰ ਨਗਰ ਤੋਂ ਇੱਕ ਹੋਰ ਵਿਅਕਤੀ ਨੂੰ 20 ਗ੍ਰਾਮ ਹੈਰੋਇਨ, ਪਲਾਸਟਿਕ ਦੇ ਲਿਫਾਫੇ ਅਤੇ 5300 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਮਾਮਲੇ ਵਿੱਚ 40 ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਵੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਥਾਣਾ ਦਰੇਸੀ ਦੀ ਪੁਲਿਸ ਨੇ ਟਿੱਬਾ ਰੋਡ ਤੋਂ ਇੱਕ ਮੁਲਜ਼ਮ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦਕਿ ਥਾਣਾ ਸਦਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 9 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਦੁੱਗਰੀ ਅਤੇ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਵੀ ਵੱਖ-ਵੱਖ ਥਾਵਾਂ ਤੋਂ ਛੋਟੀ ਮਾਤਰਾ ਵਿੱਚ ਹੈਰੋਇਨ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਹੋਰ ਪੁਲਿਸ ਟੀਮਾਂ ਨੇ ਵੀ ਕਾਰਵਾਈ ਕਰਦਿਆਂ 2 ਕਿਲੋ ਗ੍ਰਾਮ ਗਾਂਜਾ ਬਰਾਮਦ ਕੀਤਾ। ਇਸ ਮੁਹਿੰਮ ਨਾਲ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤੀ ਸਪੱਸ਼ਟ ਨਜ਼ਰ ਆ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ।