ਕਮਿਸ਼ਨਰ ਡਾ. ਨੀਰੂ ਸਫਾਈ ਦੇ ਅਚਨਚੇਤ ਨਿਰੀਖਣ ਲਈ ਸਵੇਰੇ ਹੀ ਪਹੁੰਚੇ ਸੜਕਾਂ ‘ਤੇ
ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਸਫਾਈ ਦੇ ਅਚਨਚੇਤ ਨਿਰੀਖਣ ਲਈ ਸਵੇਰੇ ਹੀ ਪਹੁੰਚੇ ਸੜਕਾਂ ‘ਤੇ
Publish Date: Mon, 08 Jun 2026 09:04 PM (IST)
Updated Date: Mon, 08 Jun 2026 09:05 PM (IST)

-ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਤੇ ਸਟੈਟਿਕ ਕੰਪੈਕਟਰ ਸਾਈਟਾਂ ਦੀ ਕੀਤੀ ਚੈਕਿੰਗ -ਸ਼ਹਿਰ ਨੂੰ ਸਾਫ ਬਣਾਉਣ ਲਈ ਹਰ 10 ਕਿਲੋਮੀਟਰ ’ਤੇ ਅਧਿਕਾਰੀ ਨੂੰ ਦਿੱਤੀ ਜ਼ਿੰਮੇਵਾਰੀ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ ਬਣਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਦੇ ਤਹਿਤ ਲੁਧਿਆਣਾ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਇਸ ਮੁਹਿੰਮ ਨੂੰ ਪੂਰੀ ਮਜ਼ਬੂਤੀ ਨਾਲ ਲਾਗੂ ਕਰਲ ਲਈ ਹਫਤੇ ਦੇ ਪਹਿਲੇ ਹੀ ਦਿਨ ਸੋਮਵਾਰ ਸਵੇਰੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਖੁਦ ਫੀਲਡ ਵਿੱਚ ਉਤਰੇ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਅਚਨਚੇਤ ਨਿਰੀਖਣ ਕਰ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੂਜੇ ਪਾਸੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਲੁਧਿਆਣਾ ਵਿੱਚ ਜ਼ਮੀਨੀ ਪੱਧਰ ‘ਤੇ ਚੱਲ ਰਹੀਆਂ ਵਿਸ਼ੇਸ਼ ਸਫ਼ਾਈ ਮੁਹਿੰਮਾਂ ਦੀ ਨਿਗਰਾਨੀ ਕੀਤੀ ਅਤੇ ਅਧਿਕਾਰੀਆਂ ਤੋਂ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਨਗਰ ਨਿਗਮ ਦਾ ਸਵੇਰੇ ਕਰੀਬ 7 ਵਜੇ ਸ਼ੁਰੂ ਹੋਇਆ ਇਹ ਨਿਰੀਖਣ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲਿਆ। ਇਸ ਦੌਰਾਨ ਡਾ. ਗੁਪਤਾ ਨੇ ਪੈਵੇਲੀਅਨ ਮਾਲ ਇਲਾਕਾ, ਕਿਤਾਬ ਬਜ਼ਾਰ, ਨਗਰ ਨਿਗਮ ਜ਼ੋਨ-ਏ ਦਫ਼ਤਰ ਦੇ ਆਲੇ-ਦੁਆਲੇ ਦੇ ਇਲਾਕਿਆਂ, ਬੱਸ ਸਟੈਂਡ ਦੇ ਨੇੜੇ ਸਥਿਤ ਸਕੂਟਰ ਮਾਰਕੀਟ, ਪ੍ਰਤਾਪ ਚੌਕ ਚੀਮਾ ਚੌਕ, ਸਮਰਾਲਾ ਚੌਕ, ਸ਼ੇਰਪੁਰ ਚੌਕ, ਡਵੀਜ਼ਨ ਨੰਬਰ-3 ਚੌਕ ਸਮੇਤ ਸ਼ਹਿਰ ਦੇ ਹੋਰ ਕਈ ਮਹੱਤਵਪੂਰਨ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਮੌਕੇ ‘ਤੇ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ, ਕੂੜਾ ਚੁੱਕਣ ਦੀ ਵਿਵਸਥਾ, ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਅਤੇ ਹੋਰ ਬੁਨਿਆਦੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਸੰਯੁਕਤ ਕਮਿਸ਼ਨਰ ਅਮਨਪ੍ਰੀਤ ਸਿੰਘ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਆਪਣੇ-ਆਪਣੇ ਜ਼ੋਨਾਂ ਅਧੀਨ ਆਉਦੇ ਇਲਾਕਿਆਂ ਵਿੱਚ ਨਿਰੀਖਣ ਕਰਕੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕੀਤੀ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਕੂੜੇ ਦੇ ਢੇਰ ਜਾਂ ਗੰਦਗੀ ਦੀ ਸਮੱਸਿਆ ਨਾ ਰਹੇ। ਨਿਰੀਖਣ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਸ਼ਹਿਰ ਨੂੰ ਵੱਖ-ਵੱਖ 10 ਕਿਲੋਮੀਟਰ ਦੇ ਖੰਡਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਖੰਡ ਦੀ ਨਿਗਰਾਨੀ ਲਈ ਇੱਕ ਜ਼ਿੰਮੇਵਾਰ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਆਪਣੇ ਖੇਤਰ ਵਿੱਚ ਸਫ਼ਾਈ, ਕੂੜਾ ਚੁੱਕਣ, ਸੜਕਾਂ ਦੀ ਸਥਿਤੀ ਅਤੇ ਹੋਰ ਨਾਗਰਿਕ ਸੁਵਿਧਾਵਾਂ ‘ਤੇ ਨਿਰੰਤਰ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਸਿਹਤ ਸ਼ਾਖਾ, ਬੀ ਐਂਡ ਆਰ ਸ਼ਾਖਾ, ਓ ਐਂਡ ਐਮ ਸੈੱਲ, ਤਹਿਬਾਜ਼ਾਰੀ ਸ਼ਾਖਾ ਅਤੇ ਹੋਰ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਫ਼ਾਈ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅਚਨਚੇਤ ਨਿਰੀਖਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਸੰਯੁਕਤ ਕਮਿਸ਼ਨਰਾਂ, ਜ਼ੋਨਲ ਕਮਿਸ਼ਨਰਾਂ, ਮੁੱਖ ਸੈਨੇਟਰੀ ਅਫ਼ਸਰ, ਸਿਹਤ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਸਫ਼ਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਜ਼ਮੀਨੀ ਪੱਧਰ ‘ਤੇ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਗੁਪਤਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸਫ਼ਾਈ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਨਿਯਮਤ ਤੌਰ ‘ਤੇ ਅਪਡੇਟਸ ਲੈ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੀ ਖੇਤਰ ਵਿੱਚ ਸਫ਼ਾਈ ਸਬੰਧੀ ਲਾਪਰਵਾਹੀ ਜਾਂ ਊਣਤਾਈ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਚਨਚੇਤ ਨਿਰੀਖਣ ਲਗਾਤਾਰ ਜਾਰੀ ਰਹਿਣਗੇ। ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੀਆਂ ਥਾਵਾਂ, ਸੜਕਾਂ ਜਾਂ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ। ਨਗਰ ਨਿਗਮ ਦਾ ਮੰਨਣਾ ਹੈ ਕਿ ਲੋਕਾਂ ਦੀ ਭਾਗੀਦਾਰੀ ਤੋਂ ਬਿਨ੍ਹਾਂ ਸਾਫ਼ ਅਤੇ ਸੁੰਦਰ ਲੁਧਿਆਣਾ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ।