ਬੈਂਡ ਵਾਜੇ ਲੈ ਕੇ ਹਲਵਾਰਾ ਹਵਾਈ ਅੱਡੇ ਪੁੱਜੇ ਕਾਮੇਡੀਅਨ ਨੇ ਛੇੜੀਆਂ ਵਿਰੋਧ ਦੀਆਂ ਧੁੰਨਾਂ
ਬੈਂਡ ਵਾਜੇ ਲੈ ਕੇ ਹਲਵਾਰਾ ਹਵਾਈ ਅੱਡੇ ਪੁੱਜੇ ਕਾਮੇਡੀਅਨ ਨੇ ਛੇੜੀਆਂ ਵਿਰੋਧ ਦੀਆਂ ਧੁੰਨਾਂ
Publish Date: Mon, 08 Jun 2026 07:17 PM (IST)
Updated Date: Tue, 09 Jun 2026 04:08 AM (IST)

-ਪਿਛਲੇ ਦਿਨੀਂ ਮੀਂਹ ਵਿਚ ਚੋਏ ਹਵਾਈ ਅੱਡੇ ਦਾ ਮਾਮਲਾ, ਜਿਸ ਤਰ੍ਹਾਂ ਪਾਣੀ ਭਰਦਾ, ਸਰਕਾਰ ਭੇਜੇ ਕਿਸ਼ਤੀਆਂ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਕੌਮਾਂਤਰੀ ਹਲਵਾਰਾ ਹਵਾਈ ਅੱਡੇ ਦੇ ਪਹਿਲੇ ਮੀਂਹ ਵਿਚ ਹੀ ਚੋਹ ਪੈਣ ’ਤੇ ਬੈਂਡ ਵਾਜੇ ਲੈ ਕੇ ਪਹੁੰਚੇ ਕਾਮੇਡੀਅਨ ਟੀਟੂ ਬਾਣੀਆ ਨੇ ਵਿਰੋਧ ਦੀਆਂ ਧੁੰਨਾਂ ਛੇੜੀਆਂ। ਉਨ੍ਹਾਂ ਆਪਣੇ ਇਸ ਅਨੋਖੇ ਪ੍ਰਦਰਸ਼ਨ ਰਾਹੀਂ ਮੀਂਹ ਵਿਚ ਹਵਾਈ ਅੱਡੇ ’ਤੇ ਪਾਣੀ ਭਰਨ ’ਤੇ ਵੀ ਤੰਜ ਕੱਸਦਿਆਂ ਕਾਗਜ ਦੀਆਂ ਕਿਸ਼ਤੀਆਂ ਦਿਖਾਉਂਦਿਆਂ ਸਰਕਾਰ ਨੂੰ ਜਹਾਜ ’ਤੇ ਆਉਣ ਜਾਣ ਵਾਲਿਆਂ ਲਈ ਮੀਂਹ ਦੇ ਦਿਨਾਂ ਵਿਚ ਕਿਸ਼ਤੀਆਂ ਦਾ ਪ੍ਰਬੰਧ ਕਰਨ ਦੀ ਵੀ ਸਲਾਹ ਦਿੱਤੀ। ਸੋਮਵਾਰ ਨੂੰ ਬੈਂਡ ਵਾਜਿਆਂ ਨਾਲ ਕੌਮਾਂਤਰੀ ਹਵਾਈ ਅੱਡੇ ਦੇ ਨਿਰਮਾਣ ’ਚ ਖਾਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਪੁੱਜੇ ਕਾਮੇਡੀਅਨ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਆ ਨੂੰ ਪੁਲਿਸ ਨੇ ਦਾਖ਼ਲ ਨਾ ਹੋਣ ਦਿੱਤਾ ਤਾਂ ਉਨ੍ਹਾਂ ਬਾਹਰ ਹੀ ਬੈਂਡ ਵਾਜੇ ਵਜਾਉਂਦਿਆਂ ਸਰਕਾਰ ਖ਼ਿਲਾਫ਼ ਵਿਰੋਧ ਜਿਤਾਇਆ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਨਿਰਮਾਣ ’ਤੇ ਅਰਬਾਂ ਰੁਪਏ ਖਰਚ ਕੀਤੇ ਗਏ ਪਰ ਅਫਸੋਸ ਇਹ ਹਵਾਈ ਅੱਡਾ ਪਹਿਲੇ ਮੀਂਹ ਦੀ ਮਾਰ ਤੱਕ ਨਾ ਝਲ ਪਾਇਆ। ਜਿਸ ਤੋਂ ਸਾਫ਼ ਹੈ ਕਿ ਇਸ ਦੇ ਨਿਰਮਾਣ ਵਿਚ ਖਾਮੀਆਂ ਹਨ। ਇਸ ਦੇ ਨਿਰਮਾਣ ਵਿਚ ਜਿਨ੍ਹਾਂ ਠੇਕੇਦਾਰਾਂ ਵੱਲੋਂ ਇੰਨੀ ਵੱਡੀ ਖਾਮੀ ਛੱਡੀ ਗਈ, ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ। ਠੇਕੇਦਾਰ ਨਾਲ ਮਿਲੀਭੁਗਤ ਵਾਲਿਆਂ ’ਤੇ ਵੀ ਕਾਰਵਾਈ ਹੋਵੇ, ਕਿਉਂਕਿ ਜੇ ਇਸ ਦੀ ਤੁਰੰਤ ਜਾਂਚ ਨਾ ਹੋਈ ਤਾਂ ਕੱਲ੍ਹ ਵੱਡੇ ਹਾਦਸੇ ਦਾ ਵੀ ਡਰ ਬਣਿਆ ਹੋਇਆ ਹੈ। ਇਹੋ ਜਿਹੀ ਵੱਡੀ ਖਾਮੀ ਰਨਵੇ ਦੇ ਨਿਰਮਾਣ ਵਿਚ ਵੀ ਹੋ ਸਕਦੀ ਹੈ, ਜਿਸ ਦੀ ਗੰਭੀਰਤਾ ਨੂੰ ਸਮਝਦਿਆਂ ਜਾਂਚ ਅਤੇ ਕਾਰਵਾਈ ਬੇਹਦ ਜ਼ਰੂਰੀ ਹੈ। -ਹਵਾਈ ਅੱਡਾ ਸਾਰਾ ਹਿੱਲ ਗਿਆ, ਝੁੱਗੀਆਂ ਦਾ ਬਾਂਸ ਨਾ ਹਿੱਲਿਆ ਕਾਮੇਡੀਅਨ ਟੀਟੂ ਬਾਣੀਆ ਨੇ ਅੱਜ ਆਪਣੇ ਅਨੋਖੇ ਵਿਰੋਧ ਪ੍ਰਦਰਸ਼ਨ ਵਿਚ ਸਰਕਾਰ ਨੂੰ ਘੇਰਦਿਆਂ ਕਈ ਤੰਜ ਵੀ ਕੱਸੇ। ਉਨ੍ਹਾਂ ਹਲਵਾਰਾ ਹਵਾਈ ਅੱਡੇ ਦੇ ਰਸਤੇ ਵਿਚ ਹੀ ਸੜਕ ਕੰਢੇ ਕਈ ਝੁੱਗੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਆਮ ਗਰੀਬ ਵੱਲੋਂ ਕਾਨਿਆ ਦੀ ਛੱਤ ਪਾਈ ਗਈ ਹੈ। ਇਸ ਝੌਪੜੀ ਦਾ ਉਸ ਮੀਂਹ ਵਿਚ ਬਾਂਸ ਤੱਕ ਨਾ ਹਿਲਿਆ, ਜਦਕਿ ਵੱਡੇ ਵੱਡੇ ਇੰਜੀਨੀਅਰਾਂ ਵੱਲੋਂ ਬਣਾਇਆ ਕੌਮਾਂਤਰੀ ਹਵਾਈ ਅੱਡਾ ਸਾਰਾ ਹਿਲ ਗਿਆ। -ਸਫ਼ਰ ਤਾਂ ਸਾਬ੍ਹਾਂ ਨੇ ਕਰਨਾ, ਸਾਨੂੰ ਤਾਂ ਉਨ੍ਹਾਂ ਦੀ ਫ਼ਿਕਰ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ’ਚ ਖਾਮੀਆਂ ਨੂੰ ਲੈ ਕੇ ਵਿਰੋਧ ਕਰ ਰਹੇ ਕਾਮੇਡੀਅਨ ਟੀਟੂ ਬਾਣੀਆ ਨੇ ਲੁਧਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਨੇ ਤਾਂ 90 ਰੁਪਏ ਦੀ ਟਿਕਟ ਲੈ ਕੇ ਰੇਲ ਗੱਡੀ ’ਤੇ ਦਿੱਲੀ ਜਾਣਾ ਹੁੰਦਾ ਹੈ ਪਰ ਡੀਸੀ, ਐੱਸਐੱਸਪੀ, ਐਸਪੀ, ਡੀਐੱਸਪੀ ਅਤੇ ਲੀਡਰਾਂ ਨੇ ਜਹਾਜ ’ਤੇ ਜਾਣਾ ਹੁੰਦਾ ਹੈ। ਅਸੀਂ ਅੱਜ ਉਨ੍ਹਾਂ ਦੀਆਂ ਫ਼ਿਕਰ ਕਰਕੇ ਵਿਰੋਧ ਨੂੰ ਆਏ ਹਾਂ, ਇਸ ਦੀ ਜਾਂਚ ਕਰੋ।