ਸੀਤ ਲਹਿਰ ਦਾ ਕਹਿਰ, ਪਸ਼ੂਆਂ ਦੀ ਸਾਂਭ-ਸੰਭਾਲ ਵੀ ਬੇਹੱਦ ਜ਼ਰੂਰੀ
ਸ਼ੀਤ ਲਹਿਰ ਦਾ ਕਹਿਰ ਜਾਰੀ, ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ
Publish Date: Tue, 06 Jan 2026 08:24 PM (IST)
Updated Date: Wed, 07 Jan 2026 04:09 AM (IST)

ਮੁਖੀ, ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਵਿਭਾਗ ਵੈਟਰਨਰੀ ਯੂਨੀਵਰਸਿਟੀ ਦੇ ਡਾ. ਯਸ਼ਪਾਲ ਸਿੰਘ ਨੇ ਕੀਤਾ ਪ੍ਰਗਟਾਵਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮੌਸਮ ਦੇ ਚੱਲਦੇ ਡਾ. ਯਸ਼ਪਾਲ ਸਿੰਘ ਮੁਖੀ, ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਵਿਭਾਗ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਅਹਿਮ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਸਰਦੀਆਂ ਦੇ ਮੌਸਮ ’ਚ ਪਸ਼ੂਆਂ ਦੀ ਸੁਚੱਜੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਤੇ ਉਤਪਾਦਨ ਨੂੰ ਬਿਹਤਰ ਰੱਖਿਆ ਜਾ ਸਕੇ। ਡਾ. ਯਸ਼ਪਾਲ ਨੇ ਕਿਹਾ ਕਿ ਸ਼ੈੱਡਾਂ ਨੂੰ ਪਰਦੇ ਲਾ ਕੇ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਠੰਢੀ ਹਵਾ ਰੋਕੀ ਜਾ ਸਕੇ। ਪਰਦੇ ਬਣਾਉਣ ਲਈ ਤਰਪਾਲ, ਸੁੱਕਾ ਘਾਹ, ਪਰਾਲੀ ਜਾਂ ਬਾਂਸ ਆਦਿ ਵਰਤੇ ਜਾ ਸਕਦੇ ਹਨ। ਸ਼ੈੱਡਾਂ ਦੇ ਆਲੇ ਦੁਆਲੇ ਖੜ੍ਹੇ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਤਾਂ ਕਿ ਧੁੱਪ ਸ਼ੈੱਡਾਂ ਜਾਂ ਢਾਰਿਆਂ ਦੇ ਅੰਦਰ ਤੱਕ ਪਹੁੰਚ ਸਕੇ। ਸ਼ੈੱਡ ਦੇ ਅੰਦਰ ਅੱਗ ਨਹੀਂ ਬਾਲਣੀ ਚਾਹੀਦੀ। ਧੁੱਪ ਨਿਕਲਣ ’ਤੇ ਪਸ਼ੂਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਤਾਂ ਜੋ ਉਹ ਧੁੱਪ ’ਚ ਬੈਠ ਸਕਣ। ਫਰਸ਼ ਨੂੰ ਵੀ ਸੁੱਕਾ ਰੱਖਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਠੰਢ ਲੱਗਣ ਤੋਂ ਬਚਾਇਆ ਜਾ ਸਕੇ। ਠੰਢ ਨਾਲ ਪਸ਼ੂਆਂ ਨੂੰ ਬੁਖਾਰ, ਨਮੂਨੀਆ ਤੇ ਮੋਕ ਆਦਿ ਹੋ ਸਕਦੀ ਹੈ। ਫਰਸ਼ ਨੂੰ ਠੰਢਿਆਂ ਹੋਣ ਤੋਂ ਬਚਾਉਣ ਲਈ ਸੁੱਕਾ ਘਾਹ, ਪਰਾਲੀ, ਤੂੜੀ ਜਾਂ ਚੌਲਾਂ ਦੀ ਫੱਕ ਆਦਿ ਵਿਛਾਉਣੀ ਚਾਹੀਦੀ ਹੈ। ਪਸ਼ੂਆਂ ਦੇ ਸਰੀਰ ’ਤੇ ਝੁੱਲ ਵੀ ਪਾਏ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਗਰਮੀ ਬਣੀ ਰਹੇਗੀ। ਸ਼ੈੱਡਾਂ ਨੂੰ ਦਿਨ ਵਿੱਚ 2 ਵਾਰ ਸਾਫ ਕਰਨਾ ਚਾਹੀਦਾ ਹੈ ਤੇ ਪਾਣੀ, ਗੋਹੇ ਦੇ ਨਿਕਾਸੀ ਪ੍ਰਬੰਧ ਦਰੁਸਤ ਰੱਖਣੇ ਚਾਹੀਦੇ ਹਨ। ਪਸ਼ੂਆਂ ਨੂੰ ਨਹਾਉਣ ਤੋਂ ਪਰਹੇਜ਼ ਕਰਦਿਆਂ ਸੁੱਕੇ ਕੱਪੜੇ ਜਾਂ ਪਰਾਲੀ ਨਾਲ ਸਫਾਈ ਕਰ ਦੇਣੀ ਚਾਹੀਦੀ ਹੈ, ਜੇਕਰ ਲੋੜ ਪਵੇ ਤਾਂ ਪਸ਼ੂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਸ਼ੂ ਨੂੰ ਪੌਸ਼ਟਿਕ ਤੇ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਇਸ ਮੌਸਮ ’ਚ ਬਰਸੀਮ ਦੇ ਪੱਠਿਆਂ ਦੀ ਕਾਫੀ ਬਹੁਤਾਤ ਹੁੰਦੀ ਹੈ ਤੇ ਇਸ ’ਚ ਪ੍ਰੋਟੀਨ ਤੇ ਪਾਣੀ ਦੀ ਕਾਫੀ ਮਾਤਰਾ ਮਿਲ ਜਾਂਦੀ ਹੈ। ਦੁਧਾਰੂ ਪਸ਼ੂਆਂ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ, ਜੇਕਰ ਹਰੇ ਚਾਰਿਆਂ ਦੀ ਘਾਟ ਹੋਵੇ ਤਾਂ 25-30 ਕਿੱਲੋ ਫ਼ਲੀਦਾਰ ਚਾਰਿਆਂ ’ਚ 5 ਤੋਂ 10 ਕਿੱਲੋ ਤੂੜੀ ਮਿਲਾ ਕੇ ਪ੍ਰਤੀ ਪਸ਼ੂ ਦੇਣੀ ਚਾਹੀਦੀ ਹੈ। 10 ਕਿੱਲੋ ਤੱਕ ਦੁੱਧ ਦੇਣ ਵਾਲੇ ਪਸ਼ੂ ਨੂੰ 3 ਕਿੱਲੋ ਦਾਣਾ ਤੇ 40-50 ਕਿੱਲੋ ਚਾਰੇ ਦੀ ਲੋੜ ਹੁੰਦੀ ਹੈ। ਨਾਈਟ੍ਰੇਟ ਜ਼ਹਿਰਬਾਦ ਤੋਂ ਬਚਾਉਣ ਲਈ ਫ਼ਲੀਦਾਰ ਤੇ ਗੈਰ-ਫ਼ਲੀਦਾਰ ਚਾਰਿਆਂ ਨੂੰ ਤੂੜੀ ਨਾਲ ਮਿਲਾ ਕੇ ਹੀ ਪਸ਼ੂ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਦੀਆਂ ’ਚ ਕੁੱਲ ਖੁਰਾਕ ਦਾ 2 ਫੀਸਦੀ ਧਾਤਾਂ ਦਾ ਚੂਰਾ ਤੇ ਇੱਕ ਫੀਸਦੀ ਲੂਣ ਵੀ ਪਸ਼ੂ ਨੂੰ ਦੇਣਾ ਜਰੂਰੀ ਹੈ। ਪਸ਼ੂ ਨੂੰ ਸਾਫ, ਤਾਜ਼ਾ ਤੇ ਕੋਸਾ ਪਾਣੀ ਮੁਹੱਈਆ ਕਰਨਾ ਚਾਹੀਦਾ ਹੈ। ਪਸ਼ੂ ਨੂੰ ਮਲ੍ਹੱਪ ਰਹਿਤ ਕਰਨ ਦੀ ਦਵਾਈ ਇੱਕ ਵਾਰ ਦੇਣ ਤੋਂ ਬਾਅਦ 21 ਦਿਨ ਬਾਅਦ ਦੁਬਾਰਾ ਦੇਣੀ ਚਾਹੀਦੀ ਹੈ। ਚਿੱਚੜਾਂ ਤੋਂ ਬਚਾਉਣ ਲਈ ਸ਼ੈੱਡਾਂ ’ਚ ਚਿੱਚੜ ਮਾਰ ਦਵਾਈ ਵਰਤਣੀ ਚਾਹੀਦੀ ਹੈ।