ਮਹਾਂਨਗਰ ’ਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ, ਆਵਾਜਾਈ ਅਤੇ ਕੰਮਕਾਰ ਹੋ ਰਹੇ ਪ੍ਰਭਾਵਿਤ
ਮਹਾਂਨਗਰ ’ਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ, ਆਵਾਜਾਈ ਅਤੇ ਕੰਮਕਾਰ ਹੋ ਰਹੇ ਪ੍ਰਭਾਵਿਤ
Publish Date: Sun, 04 Jan 2026 06:28 PM (IST)
Updated Date: Sun, 04 Jan 2026 06:29 PM (IST)

-ਹਰ ਰੋਜ਼ ਕਮਾਕੇ ਪਰਿਵਾਰ ਦਾ ਪੇਟ ਪਾਲਣ ਵਾਲਿਆਂ ਨੂੰ ਪੈ ਰਹੀ ਵਧੇਰੇ ਮਾਰ ਫੋਟੋ ਨੰਬਰ-11,12,13 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਨਵੇਂ ਵਰ੍ਹੇ ਦੇ ਪਹਿਲੇ ਦਿਨ ਪਏ ਮੀਂਹ ਤੋਂ ਬਾਅਦ ਠੰਡ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਵੀ ਮਹਾਂਨਗਰ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ। ਠੰਡ ਕਾਰਨ ਜਿੱਥੇ ਆਵਾਜਾਈ ਤੇ ਅਸਰ ਪੈ ਰਿਹਾ ਹੈ ਉੱਥੇ ਕੰਮਕਾਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਦੀ ਵੱਧ ਮਾਰ ਦਿਹਾੜੀਦਾਰ ਉਨ੍ਹਾਂ ਲੋਕਾਂ ਨੂੰ ਪੈ ਰਹੀ ਹੈ ਜੋ ਹਰ ਰੋਜ਼ ਕਮਾਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਦਿਹਾੜੀਦਾਰ ਰਾਮ ਆਸਰਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਚਾਰ ਦਿਨ ਤੋਂ ਹੋਰ ਰੋਜ਼ ਕੰਮ ਤੇ ਜਾਂਦਾ ਹੈ ਪਰ ਖਾਲੀ ਹੱਥ ਪਰਤ ਆਉਂਦਾ ਹੈ ਕਿਉਂਕਿ ਠੰਡ ਕਾਰ ਲੇਬਰ ਦੀ ਲੋੜ ਨਹੀਂ ਪੈ ਰਹੀ। ਲੋਕਾਂ ਨੇ ਉਸਾਰੀ ਦੇ ਕੰਮ ਰੋਕੇ ਹੋਏ ਹਨ। ਕੁੱਝ ਦੁਕਾਨਦਾਰਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਠੰਡ ਕਾਰਨ ਕੇਵਲ ਉਹੀ ਗ੍ਰਾਹਕ ਘਰਾਂ ਵਿੱਚੋਂ ਨਿਕਲਦੇ ਹਨ ਜਿੰਨ੍ਹਾਂ ਦੀ ਲੋੜ ਅਤਿ ਜਰੂਰੀ ਹੁੰਦੀ ਹੈ। ਇਸ ਨਾਲ ਕੰਮਕਾਰ ਪ੍ਰਭਾਵਿਤ ਹੋਣਾ ਸੁਭਾਵਕ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸਵੇਰੇ ਅਤੇ ਰਾਤ ਨੂੰ ਠੰਡ ਜਾਰੀ ਰਹੇਗੀ ਪਰ ਦਿਨ ਵੇਲੇ ਹਲਕੀ ਧੁੱਪ ਨਾਲ ਰਾਹਤ ਮਿਲ ਸਕਦੀ ਹੈ। ਬੱਦਲਵਾਈ ਬਣੀ ਰਹੇਗੀ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਇਆ ਜਾਵੇ। ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਅਤਿ ਜਰੂਰੀ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਯਾਤਰਾ ਆਦਿ ਤੇ ਜਾਣਾ ਹੋਵੇ ਤਾਂ ਗਰਮ ਕੱਪੜੇ ਨਾਲ ਲਿਜਾਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਗੱਲਬਾਤ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮਹਾਂਨਗਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ ਜਦ ਕਿ ਘੱਟ ਤੋਂ ਘੱਟ 9.2 ਡਿਗਰੀ ਰਿਕਾਰਡ ਕੀਤਾ ਗਿਆ ਹੈ। ਡਾ.ਕਿੰਗਰਾ ਨੇ ਇਹ ਵੀ ਦੱਸਿਆ ਕਿ ਸਵੇਰੇ ਵੇਲੇ ਸੰਘਣੀ ਧੁੰਦ ਜਾਰੀ ਰਹੇਗੀ।