ਔਰਤ ਮੁਕਤੀ ਦਿਵਸ ’ਤੇ ਔਰਤਾਂ ਪ੍ਰਤੀ ਮੁੱਖ ਮੰਤਰੀ ਦੀ ਟਿੱਪਣੀ ਦੀ ਨਿੰਦਾ
ਔਰਤ ਮੁਕਤੀ ਦਿਵਸ ’ਤੇ ਔਰਤਾਂ ਪ੍ਰਤੀ ਮੁੱਖ ਮੰਤਰੀ ਦੀ ਟਿੱਪਣੀ ਦੀ ਨਿੰਦਾ
Publish Date: Mon, 09 Mar 2026 07:24 PM (IST)
Updated Date: Mon, 09 Mar 2026 07:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਕੌਮਾਂਤਰੀ ਮਹਿਲਾ ਮੁਕਤੀ ਦਿਹਾੜੇ ’ਤੇ ਮਜ਼ਦੂਰ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਲਜ ਜ਼ਿੰਦਗੀ ਦੀ ਗੱਲ ਕਰਦਿਆਂ ਕਿਸੇ ਵਿਦਿਆਰਥਣ ਸਬੰਧੀ ਬੋਲੇ ਸ਼ਬਦਾਂ ਦੀ ਨਿੰਦਾ ਕੀਤੀ ਗਈ। ਸਥਾਨਕ ਇੰਦਰਾ ਕਾਲੋਨੀ ਵਿਖੇ ਕੌਮਾਂਤਰੀ ਔਰਤ ਮੁਕਤੀ ਦਿਵਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਵਿਚ ਬਸਤੀ ਦੀਆਂ ਸਮੱਸਿਆਵਾਂ ’ਤੇ ਵੀ ਖੁੱਲ੍ਹ ਕੇ ਚਰਚਾ ਹੋਈ। ਔਰਤ ਆਗੂ ਨੀਲਮ ਰਾਣੀ ਦੀ ਅਗਵਾਈ ’ਚ ਹੋਈ ਮੀਟਿੰਗ ਚ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਜਰਮਨ ਦੀ ਸੰਘਰਸ਼ਸ਼ੀਲ ਆਗੂ ਕਲਾਰਾ ਜੈਟਕਿਨ ਦੀ ਅਗਵਾਈ ਵਿਚ ਔਰਤਾਂ ਨੇ ਲੰਮੀਆਂ ਹੜਤਾਲਾਂ ਕਰਕੇ ਮਰਦਾਂ ਦੇ ਬਰਾਬਰ ਕੰਮ ਘੰਟੇ ਅਤੇ ਬਰਾਬਰ ਉਜਰਤ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਜ਼ਦੂਰ ਔਰਤ ਦੀ ਘਰੇ ਵੀ ਤੇ ਬਾਹਰ ਵੀ ਗੁਲਾਮਾਂ ਵਾਲੀ ਜ਼ਿੰਦਗੀ ਹੈ। ਘਰੇ ਮਰਦ ਦੀ ਗ਼ੁਲਾਮ ਤੇ ਬਾਹਰ ਮਾਲਕਾਂ ਦੀ ਗੁਲਾਮ। ਇਸ ਬਸਤੀ ’ਚ ਜ਼ਿਆਦਾਤਰ ਔਰਤਾਂ ਘਰਾਂ ਚ ਘਰੇਲੂ ਕਾਮਗਾਰ ਸਹਾਇਕ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਬਸਤੀ ਜੋ ਕਿ ਕੋਠੇ ਖੰਜੂਰਾਂ ਦੀ ਪੰਚਾਇਤ ਹੇਠ ਚੱਲ ਰਹੀ ਹੈ ਵਿਚ ਸੀਵਰੇਜ ਦਾ ਗੰਦਾ ਪਾਣੀ ਲੀਕੇਜ ਕਾਰਣ ਪੀਣ ਵਾਲੇ ਪਾਣੀ ’ਚ ਰਲ ਰਿਹਾ ਹੈ। ਪਾਣੀ ਵਾਲੀ ਪਾਈਪ ਪਾਉਣ ਲਈ ਪੱਟੀ ਗਲੀ ਦੀਆਂ ਪੱਟੀਆਂ ਟਾਇਲਾਂ ਛੇ ਮਹੀਨੇ ਤੋਂ ਸਬੰਧਤ ਮਹਿਕਮੇ ਨੇ ਮੁੜ ਲਗਾਉਣ ਦਾ ਕੰਮ ਕੀਤਾ ਹੀ ਨਹੀਂ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ। ਬਸਤੀ ’ਚ ਚਿੱਟੇ ਦੇ ਨਸ਼ੇ ਦੀ ਭਰਮਾਰ ਹੈ, ਪੁਲਿਸ ਖ਼ਾਨਾਪੂਰਤੀ ਕਰਦੀ ਹੈ। ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਡਰਾਮਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਚ ਅਗਸਤ ਮਹੀਨੇ ਤੋਂ ਔਰਤਾਂ ਲਈ ਐਲਾਨੀ ਰਾਸ਼ੀ ਮਹਿਜ਼ ਡਰਾਮਾ ਹੈ। ਜੇ ਡਰਾਮਾ ਨਹੀਂ ਤਾਂ ਪਿਛਲੇ ਚਾਰ ਸਾਲਾਂ ਦਾ ਬਕਾਇਆ ਵੀ ਪੰਜਾਬ ਸਰਕਾਰ ਅਦਾ ਕਰੇ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਬਲਦੇਵ ਸਿੰਘ ਫੌਜੀ ਅਤੇ ਰਣਜੀਤ ਸਿੰਘ ਮੋਂਟੀ ਵੀ ਹਾਜ਼ਰ ਸਨ।