ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਸਟੀਲ ਉਦਯੋਗ ਦੇ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਟਾਟਾ ਨੇ ਹਾਈਟੈਕ ਵੈਲੀ ਵਿੱਚ ਦੇਸ਼ ਦਾ ਪਹਿਲਾ ਗ੍ਰੀਨ ਸਟੀਲ ਪਲਾਂਟ ਤਿਆਰ ਕਰ ਲਿਆ ਹੈ, ਜੋ ਵਾਤਾਵਰਣ ਦੀ ਸੰਭਾਲ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਸਕ੍ਰੈਪ ਤੋਂ ਬਣੇਗਾ ਸਟੀਲ
ਇਸ ਪ੍ਰੋਜੈਕਟ ਦੀ ਸਭ ਤੋਂ ਖ਼ਾਸ ਗੱਲ ਇਸਦੀ ਆਧੁਨਿਕ ਇਲੈਕਟ੍ਰਿਕ ਆਰਕ ਫਰਨੇਸ ਤਕਨੀਕ ਹੈ, ਜਿਸ ਰਾਹੀਂ ਸਕ੍ਰੈਪ ਯਾਨੀ ਪੁਰਾਣੇ ਲੋਹੇ ਨੂੰ ਗਾਲ ਕੇ ਨਵਾਂ ਸਟੀਲ ਤਿਆਰ ਕੀਤਾ ਜਾਵੇਗਾ। ਇਹ ਤਕਨੀਕ ਰਵਾਇਤੀ ਸਟੀਲ ਉਤਪਾਦਨ ਦੇ ਮੁਕਾਬਲੇ ਬਹੁਤ ਘੱਟ ਕਾਰਬਨ ਉਤਪਾਦਨ ਕਰਦੀ ਹੈ, ਜਿਸ ਨਾਲ ਵਾਤਾਵਰਣ 'ਤੇ ਨਕਾਰਾਤਮਕ ਪ੍ਰਭਾਵ ਬਹੁਤ ਘੱਟ ਪਵੇਗਾ।
ਇਹ ਪਲਾਂਟ ਭਾਰਤ ਵਿੱਚ 'ਗ੍ਰੀਨ ਸਟੀਲ' ਉਤਪਾਦਨ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਇੱਥੇ ਤਿਆਰ ਹੋਣ ਵਾਲਾ ਸਟੀਲ ਮੁੱਖ ਤੌਰ 'ਤੇ ਟਾਟਾ ਟਿਸਕੌਨ ਦੇ ਰੂਪ ਵਿੱਚ ਵਰਤਿਆ ਜਾਵੇਗਾ, ਜੋ ਉਸਾਰੀ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਪ੍ਰਕਿਰਿਆ ਵਿੱਚ ਪ੍ਰਦੂਸ਼ਣ ਲਗਭਗ ਜ਼ੀਰੋ ਦੇ ਬਰਾਬਰ ਹੋਵੇਗਾ ਅਤੇ ਊਰਜਾ ਦੀ ਖਪਤ ਨੂੰ ਘੱਟ ਰੱਖਣ ਲਈ 'ਗ੍ਰੀਨ ਪਾਵਰ' ਦੀ ਵਰਤੋਂ ਕੀਤੀ ਜਾਵੇਗੀ।
2,500 ਨਵੇਂ ਰੁਜ਼ਗਾਰ ਦੇ ਮੌਕੇ
ਇਸ ਪ੍ਰੋਜੈਕਟ ਦੇ ਨਾਲ-ਨਾਲ ਲੁਧਿਆਣਾ ਵਿੱਚ ਉਦਯੋਗਿਕ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ। ਟਾਟਾ ਸਟੀਲ ਵੱਲੋਂ ਇੱਥੇ ਇੱਕ ਹੋਰ ਵੱਡੇ ਸਟੀਲ ਪਲਾਂਟ ਦੀ ਨੀਂਹ ਵੀ ਰੱਖੀ ਗਈ ਹੈ, ਜਿਸਦੀ ਲਾਗਤ ਲਗਪਗ 3,200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਨਵੇਂ ਪ੍ਰੋਜੈਕਟ ਰਾਹੀਂ ਕਰੀਬ 2,500 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਥਾਨਕ ਨੌਜਵਾਨਾਂ ਨੂੰ ਤਰਜੀਹ ਦੇ ਆਧਾਰ 'ਤੇ ਰੁਜ਼ਗਾਰ ਦਿੱਤਾ ਜਾਵੇਗਾ, ਜਿਸ ਨਾਲ ਖੇਤਰ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ।
ਪੰਜਾਬ ਲਈ ਮਹੱਤਵਪੂਰਨ ਪ੍ਰਾਪਤੀ
ਟਾਟਾ ਸਟੀਲ ਦਾ ਇਹ ਗ੍ਰੀਨ ਪਲਾਂਟ ਨਾ ਸਿਰਫ਼ ਤਕਨੀਕੀ ਤੌਰ 'ਤੇ ਉੱਨਤ ਹੈ, ਸਗੋਂ ਵਾਤਾਵਰਣ ਪੱਖੀ ਉਦਯੋਗਿਕ ਵਿਕਾਸ ਦੀ ਵੀ ਇੱਕ ਮਿਸਾਲ ਪੇਸ਼ ਕਰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਕ੍ਰੈਪ ਆਧਾਰਿਤ ਸਟੀਲ ਉਤਪਾਦਨ ਭਵਿੱਖ ਦੀ ਲੋੜ ਹੈ, ਕਿਉਂਕਿ ਇਸ ਨਾਲ ਕੁਦਰਤੀ ਸਰੋਤਾਂ ਦੀ ਬਚਤ ਦੇ ਨਾਲ-ਨਾਲ ਪ੍ਰਦੂਸ਼ਣ ਵਿੱਚ ਵੀ ਕਮੀ ਆਉਂਦੀ ਹੈ।
ਟਾਟਾ ਸਟੀਲ ਦਾ ਇਹ ਕਦਮ ਦੇਸ਼ ਵਿੱਚ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਹੋਰ ਕੰਪਨੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ। ਲੁਧਿਆਣਾ ਵਿੱਚ ਸਥਾਪਿਤ ਇਹ ਗ੍ਰੀਨ ਸਟੀਲ ਪਲਾਂਟ ਨਾ ਸਿਰਫ਼ ਪੰਜਾਬ ਬਲਕਿ ਪੂਰੇ ਦੇਸ਼ ਲਈ ਇੱਕ ਅਹਿਮ ਪ੍ਰਾਪਤੀ ਹੈ।