ਸ਼ਹਿਰੀਆਂ ਦਾ ਫੁਟਿਆ ਗੁੱਸਾ, ਸ਼ਾਸਨ-ਪ੍ਰਸ਼ਾਸਨ ਨੂੰ ਗ਼ੈਰ-ਜ਼ਿੰਮੇਵਾਰ ਦਿੱਤਾ ਕਰਾਰ
ਸ਼ਹਿਰੀਆਂ ਦਾ ਫੁਟਿਆ ਗੁੱਸਾ, ਸ਼ਾਸਨ-ਪ੍ਰਸ਼ਾਸਨ ਨੂੰ ਨਲਾਇਕ ਅਤੇ ਗ਼ੈਰ ਜਿੰਮੇਵਾਰ ਦਿੱਤਾ ਕਰਾਰ
Publish Date: Mon, 12 Jan 2026 08:43 PM (IST)
Updated Date: Tue, 13 Jan 2026 04:15 AM (IST)

ਕਿਹਾ- -ਗ਼ੈਰ ਜਿੰਮੇਵਾਰ ਸਿਸਟਮ ਵਾਲਿਆਂ ਨੂੰ ਆਵੇ ਸ਼ਰਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸ਼ਹਿਰ ਭਰ ਵਿਚ ਥਾਂ-ਥਾਂ ਖਿੱਲਰੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਭੜਕੇ ਸ਼ਹਿਰੀਆਂ ਨੇ ਜਗਰਾਓਂ ਦੇ ਸ਼ਾਸਕ ਅਤੇ ਪ੍ਰਸ਼ਾਸਨ ਦੋਵਾਂ ਨੂੰ ਹੀ ਗ਼ੈਰ ਜਿੰਮੇਵਾਰ ਕਰਾਰ ਦਿੰਦਿਆਂ ‘ਸ਼ਰਮ ਕਰੋ’ ਦੇ ਨਾਅਰੇ ਲਗਾਉਂਦਿਆਂ ਵਿਰੋਧ ਜਿਤਾਇਆ। ਜਗਰਾਓਂ ਸਫ਼ਾਈ ਕਾਮਿਆਂ ਵੱਲੋਂ ਦਿੱਤੇ ਧਰਨੇ ਵਿਚ ਪੁੱਜੇ ਸ਼ਹਿਰੀਆਂ ਨੇ ਵੀ ਸ਼ਮੂਲੀਅਤ ਕਰਦਿਆਂ ਸ਼ਹਿਰ ਦੇ 23 ਦੇ 23 ਕੌਂਸਲਰਾਂ ਨੂੰ ਵੀ ਕੋਸਦਿਆਂ ਉਨ੍ਹਾਂ ਦੀ ਕਾਰਗੁਜਾਰੀ ’ਤੇ ਨਰਾਜ਼ਗੀ ਜਿਤਾਈ। ਇਸ ਦੌਰਾਨ ਇਨ੍ਹਾਂ ਸ਼ਖਸੀਅਤਾਂ ਨੇ ਸ਼ਹਿਰ ਦੇ ਮਾੜੇ ਹਾਲਾਤਾਂ ਦੀ ਦੁਹਾਈ ਦਿੰਦਿਆਂ ਪ੍ਰਸ਼ਾਸਨ ਨੂੰ ਕੁੰਭਕਰਨੀਂ ਨੀਂਦ ਤੋਂ ਜਾਗਣ ਦੀ ਅਪੀਲ ਕਰਦਿਆਂ ਮਹਾਮਾਰੀ ਫੈਲਣ ਤੋਂ ਪਹਿਲਾਂ ਸ਼ਹਿਰ ਨੂੰ ਬਚਾਉਣ ਲਈ ਅੱਗੇ ਆਉਣ ਦਾ ਹੋਕਾ ਦਿੱਤਾ। ਬਾਕਸ ਨਾ ਜ਼ਿੰਮੇਵਾਰੀ ਦਾ ਅਹਿਸਾਸ, ਨਾ ਸ਼ਰਮ ਆਉਂਦੀ ਇਨ੍ਹਾਂ ਨੂੰ ਜਗਰਾਓਂ ਦੇ ਸਾਹਿਤਕਾਰ ਮਾਸਟਰ ਅਵਤਾਰ ਸਿੰਘ ਨੇ ਕਿਹਾ ਕਿ ਜਗਰਾਓਂ ਦੇ 23 ਦੇ 23 ਕੌਂਸਲਰ ਨਲਾਇਕ ਹਨ। ਜਿਨ੍ਹਾਂ ਨੇ ਆਪਣੀ ਕੁੱਕੜ ਲੜਾਈ ਵਿਚ ਹੀ ਸਾਰਾ ਸਮਾਂ ਲੰਘਾ ਦਿੱਤਾ। ਅੱਜ ਜੇ ਇਹ ਸ਼ਹਿਰ ਦੇ ਦਰਦੀ ਹੁੰਦੇ ਤਾਂ ਇਸ ਧਰਨੇ ਵਿਚ ਆਉਂਦੇ। ਉਨ੍ਹਾਂ ਜਗਰਾਓਂ ਪ੍ਰਸ਼ਾਸਨ ਨੂੰ ਕੋਸਦਿਆਂ ਕਿਹਾ ਕਿ ਇਹ ਵੀ ਗ਼ੈਰ ਜਿੰਮੇਵਾਰ ਹੈ ਅਤੇ ਇਸ ਢੀਠਤਾਈ ’ਤੇ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਹਕੀਕਤ ਵਿਚ ਦੇਖਿਆ ਜਾਵੇ ਤਾਂ ਇਥੋਂ ਦੇ ਪ੍ਰਸ਼ਾਸਨ ਦਾ ਕੰਮ ਚੰਗਾ ਪ੍ਰਸ਼ਾਸਨ ਦੇਣਾ ਨਹੀਂ,ਬਲਕਿ ਲੋਕਾਂ ਨੂੰ ਦੁਖੀ ਕਰਨਾ ਹੈ। ਬਾਕਸ-- ਕੀ ਮਹਾਮਾਰੀ ਦੇ ਫੈਲਣ ’ਤੇ ਜਾਗੋਗੇ : ਕਾਕਾ ਲਾਇਨ ਯੂਥ ਕਲੱਬ ਜਗਰਾਓਂ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਨੇ ਕਿਹਾ ਕਿ ਜਗਰਾਓਂ ਸੰਤਾਂ, ਮਹਾਪੁਰਸ਼ਾਂ, ਪੀਰਾਂ, ਪੈਗੰਬਰਾਂ ਅਤੇ ਮਹਾਨ ਸੁਤੰਤਰਤਾ ਸੈਨਾਨੀ, ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਦੀ ਧਰਤੀ ਹੈ। ਇਸ ਪਵਿੱਤਰ ਧਰਤੀ ਨੂੰ ਨਗਰ ਕੌਂਸਲ ਨੇ ਕੂੜੇ ਦੀ ਨਗਰੀ ਬਣਾ ਦਿੱਤਾ ਹੈ। ਅੱਜ ਸਫ਼ਾਈ ਕਾਮੇ ਵੀ ਸ਼ਹਿਰੀਆਂ ਨੂੰ ਹੋ ਰਹੀ ਖੇਚਲ ਕਾਰਨ ਸੜਕਾਂ ’ਤੇ ਆ ਗਏ ਹਨ। ਦੁੱਖ ਦੀ ਗੱਲ ਹੈ ਕਿ ਕਰੋੜਪਤੀ ਨਗਰ ਕੌਂਸਲ ਕੰਮ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਹਾਮਾਰੀ ਫੈਲਣ ’ਤੇ ਵੀ ਜਾਗੋਗੇ? ਬਾਕਸ ਪੁਰਾਣੀ ਸਮੱਸਿਆ ’ਤੇ ਪ੍ਰਸ਼ਾਸਨ ਚੁੱਪ ਕਿਉਂ? ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਜਗਰਾਓਂ ਵਿਚ ਕੂੜੇ ਦੀ ਸਮੱਸਿਆ ਤੋਂ ਬੱਚਾ ਬੱਚਾ ਵਾਕਫ਼ ਹੈ। ਪਰ ਇਥੋਂ ਦਾ ਪ੍ਰਸ਼ਾਸਨ ਕਿਉਂ ਬੇਖ਼ਬਰ ਹੈ। ਇਸ ਦੀ ਇਹ ਲਾਪਰਵਾਹੀ ਸ਼ਹਿਰੀਆਂ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹੀ ਰਾਗ ਅਲਾਪਦੇ ਰਹੇ ਕਿ ਕੂੜੇ ’ਤੇ ਰਾਜਨੀਤੀ ਹੋ ਰਹੀ ਹੈ, ਜਦਕਿ ਇਨ੍ਹਾਂ ਨੇ ਰਾਜਨੀਤੀ ਨੂੰ ਵੀ ਕੂੜਾ ਬਣਾ ਦਿੱਤਾ, ਜਲਦੀ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਸਭ ਨੂੰ ਸਬਕ ਸਿਖਾਉਣਾ ਜਾਣਦਾ ਹੈ। ਬਾਕਸ ਨਿੱਕੀ ਸਮੱਸਿਆ ਨੂੰ ਚੁੱਪੀ ਨੇ ਵੱਡੀ ਅਤੇ ਗੰਭੀਰ ਬਣਾਇਆ ਜਗਰਾਓਂ ਦੇ ਸੁੱਖ ਜਗਰਾਓਂ ਨੇ ਨਗਰ ਕੌਂਸਲ ਦੀ ਲਾਪਰਵਾਹੀ ’ਤੇ ਸ਼ਹਿਰ ਦੀ ਬਦਤਰ ਹਾਲਤ ਲਈ ਇਥੋਂ ਦੇ ਹਾਕਮਾਂ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਭਰ ਵਿਚ ਢੀਠ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਦਾ ਹੱਲ ਕਰਨਾ ਕੋਈ ਔਖਾ ਨਹੀਂ ਪਰ ਇਨ੍ਹਾਂ ਦੀ ਨੀਅਤ ਨਹੀਂ, ਜਿਸ ਕਾਰਨ ਇਹ ਨਿੱਕੀ ਸਮੱਸਿਆ ਵੱਡੀ ਅਤੇ ਗੰਭੀਰ ਬਣ ਚੁੱਕੀ ਹੈ। ਬਾਕਸ ਸ਼ਹਿਰੀਆਂ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਪਵੇਗਾ ਜਗਰਾਓਂ ਦੇ ਕੁਲਵੰਤ ਸਹੋਤਾ ਨੇ ਅੱਜ ਦੇ ਇਕੱਠ ਵਿਚ ਸ਼ਹਿਰੀਆਂ ਦੀ ਘੱਟ ਸ਼ਮੂਲੀਅਤ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਇਸ ਦੇ ਹੱਲ ਲਈ ਕੋਈ ਵੀ ਜਿੰਮੇਵਾਰੀ ਨਹੀਂ ਨਿਭਾ ਰਿਹਾ। ਇਹੋ ਜਿਹੇ ਢੀਠ ਸਿਸਟਮ ਨੂੰ ਸੁਧਾਰਣ ਲਈ ਸ਼ਹਿਰੀਆਂ ਨੂੰ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਅੱਗੇ ਆਉਣਾ ਪਵੇਗਾ।