ਚਾਈਨਾ ਡੋਰ ਗਲੇ ’ਚ ਫਸਣ ਕਾਰਨ ਵਿਅਕਤੀ ਜ਼ਖਮੀ
ਚਾਈਨਾ ਡੋਰ ਨੇ ਬੱਗਾ ਸਿੰਘ ਜਰਗੜੀ ਨੂੰ ਗਲੇ ਤੋਂ ਕੀਤਾ ਜ਼ਖਮੀ
Publish Date: Tue, 20 Jan 2026 07:32 PM (IST)
Updated Date: Wed, 21 Jan 2026 04:16 AM (IST)

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਬੇਸ਼ੱਕ ਸਰਕਾਰਾਂ ਅਤੇ ਪ੍ਰਸਾਸ਼ਨ ਚਾਈਨਾ ਡੋਰ ਤੇ ਪਾਬੰਦੀ ਲਗਾਉਣ ਦੇ ਦਾਅਵੇ ਕਰਦੇ ਹਨ, ਪਰ ਚਾਈਨਾ ਡੋਰ ਖੁਲੇਆਮ ਵਿਕ ਵੀ ਰਹੀ ਹੈ ਤੇ ਵਰਤੀ ਵੀ ਜਾ ਰਹੀ ਹੈ ਅਤੇ ਇਹ ਚਾਈਨਾ ਡੋਰ ਬੇਜੁਬਾਨ ਜਾਨਵਰਾਂ ਦੇ ਨਾਲ ਨਾਲ ਇਨਸਾਨੀ ਜਿੰਦਗੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਇਸੇ ਤਰਾਂ ਦੀ ਇੱਕ ਘਟਨਾ ਨੇੜਲੇ ਪਿੰਡ ਜਰਗੜੀ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਜਰਗੜੀ ਦੇ ਵਸਨੀਕ ਬੱਗਾ ਸਿੰਘ ਜਰਗੜੀ ਆਪਣੇ ਹੀ ਪਿੰਡ ਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਚ ਜਖਮੀ ਹੋ ਗਿਆ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉੱਘੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਉਹਨਾਂ ਦੇ ਭਰਾ ਬੱਗਾ ਸਿੰਘ ਗੁਰਦੁਆਰਾ ਸਾਹਿਬ ਲਾਗੇ ਐਕਟਵਾ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਤਾਂ ਅਚਾਨਕ ਹੀ ਚਾਈਨਾ ਡੋਰ ਉਹਨਾਂ ਦੇ ਗਲ ਵਿੱਚ ਫਸ ਗਈ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਜੋ ਖੰਨਾ ਦੇ ਨਰਸਿੰਗ ਹਸਪਤਾਲ ਵਿੱਚ ਦਾਖਲ ਹੈ। ਉਹਨਾਂ ਕਿਹਾ ਕਿ ਦੁਕਾਨਾਂ ਉੱਪਰ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ, ਜਿੰਨ੍ਹਾ ਨੂੰ ਪੁਲੀਸ ਪ੍ਰਸ਼ਾਸਨ ਦਾ ਕੋਈ ਡਰ ਨਹੀ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਕਈ ਵਾਰ ਚਾਈਨਾ ਡੋਰ ਵੇਚਣ ਤੋਂ ਵਰਜਿਆਂ ਗਿਆ ਕਿ ਰਾਹਗੀਰਾਂ ਤੇ ਪੰਛੀਆਂ ਦੇ ਨੁਕਸਾਨ ਹੋ ਰਹੇ ਹਨ ਪਰ ਦੁਕਾਨਦਾਰਾਂ ਦੇ ਕੰਨ ਤੇ ਜੂੰ ਨਹੀ ਸਰਕਦੀ। ਪੁਲਿਸ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਤੇ ਪਤੰਗ ਚੜਾਉਣ ਵਾਲਿਆਂ ਨੂੰ ਕਈ ਵਾਰ ਅਖਬਾਰਾਂ, ਚੈਨਲਾਂ ਤੇ ਸ਼ੋਸਲ ਮੀਡੀਆ ਰਾਹੀਂ ਚਾਈਨਾ ਡੋਰ ਨਾਲ ਹੋ ਰਹੀਆਂ ਜਾਨਲੇਵਾ ਘਟਨਾਵਾਂ ਬਾਰੇ ਜਾਗਰੂਕ ਕੀਤਾ ਗਿਆ ਹੈ ਪਰ ਕੋਈ ਨਹੀ ਸੁਣਦਾ। ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਚਾਈਨਾ ਡੋਰ ਨੇ ਬੱਗਾ ਸਿੰਘ ਦੇ ਗਲੇ ਦੀਆਂ ਨਸਾਂ ਦਾ ਕਾਫੀ ਨੁਕਸਾਨ ਕੀਤਾ, ਜੋ ਹਸਪਤਾਲ ਵਿੱਚ ਦਾਖਲ ਹਨ। ਉਹਨਾਂ ਪੁਲੀਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ। ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਚਾਈਨਾ ਡੋਰ ਰਾਂਹੀ ਪਤੰਗ ਚੜਾਉਣ ਤੇ ਪਾਬੰਦੀ ਲਗਾਉਣ।