ਚਿੱਟੇ ਦਿਨ ਚੇਨ ਸਨੈਚਿੰਗ, ਘਟਨਾ ਸੀਸੀਟੀਵੀ ’ਚ ਕੈਦ
ਚਿੱਟੇ ਦਿਨ ਚੇਨ ਸਨੈਚਿੰਗ, ਸੀਸੀਟੀਵੀ ਵਿੱਚ ਕੈਦ ਹੋਈਆਂ ਲੁਟੇਰੇ ਦੀਆਂ ਧੁੰਦਲੀਆਂ ਤਸਵੀਰਾਂ
Publish Date: Sat, 21 Mar 2026 06:59 PM (IST)
Updated Date: Sun, 22 Mar 2026 04:11 AM (IST)

ਮਹਿਲਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੀਤਾ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ’ਚ ਧਾਂਦਰਾ ਰੋਡ ਸਥਿਤ ਜੈਨ ਮੰਦਰ ਚੌਕ ’ਤੇ ਇੱਕ ਸਾਧਾਰਨ ਘਰੇਲੂ ਔਰਤ ਨੂੰ ਨਿਸ਼ਾਨਾ ਬਣਾ ਕੇ ਚੇਨ ਸਨੈਚਿੰਗ ਦੀ ਘਟਨਾ ਵਾਪਰੀ ਹੈ। ਚਿੱਟੇ ਦਿਨ ਹੋਈ ਇਸ ਝਪਟਮਾਰੀ ਦੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਡਰ ਤੇ ਅਸੁਰੱਖਿਆ ਦਾ ਮਾਹੌਲ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜੀਕੇ ਵਿਹਾਰ ਦੀ ਰਹਿਣ ਵਾਲੀ ਬਿੰਦੂ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਘਰੇਲੂ ਸਾਮਾਨ ਖਰੀਦਣ ਲਈ ਬਾਜ਼ਾਰ ਜਾ ਰਹੀ ਸੀ, ਜਿਵੇਂ ਹੀ ਬਿੰਦੂ ਜੈਨ ਮੰਦਰ ਚੌਕ ’ਚ ਪਹੁੰਚੀ ਤਾਂ ਇੱਕ ਅਣਪਛਾਤਾ ਨੌਜਵਾਨ ਸਕੂਟਰ ’ਤੇ ਸਵਾਰ ਹੋ ਕੇ ਆਇਆ ਤੇ ਅਚਾਨਕ ਉਸ ਦਾ ਰਸਤਾ ਰੋਕ ਲਿਆ। ਬਿੰਦੂ ਮੁਤਾਬਕ ਮੁਲਜ਼ਮ ਨੇ ਅੱਖ ਝਪਕਦੇ ਹੀ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ, ਜਦੋਂ ਤੱਕ ਔਰਤ ਖੁਦ ਨੂੰ ਸੰਭਾਲ ਪਾਉਂਦੀ ਇਸ ਤੋਂ ਪਹਿਲਾਂ ਹੀ ਤੇਜ਼ ਤਰਾਰ ਬਦਮਾਸ਼ ਅੱਖੋਂ ਉਹਲੇ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤੇ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ’ਚ ਇੱਕ ਸ਼ੱਕੀ ਨੌਜਵਾਨ ਦੀ ਹਰਕਤ ਕੈਦ ਹੋਈ ਹੈ ਪਰ ਤਸਵੀਰ ਸਾਫ ਨਾ ਹੋਣ ਕਾਰਨ ਮੁਲਜ਼ਮ ਦੀ ਸ਼ਨਾਖਤ ਕਰਨ ’ਚ ਮੁਸ਼ਕਿਲ ਆ ਰਹੀ ਹੈ। ਪੁਲਿਸ ਨੇ ਆਖਿਆ ਕਿ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਧਰ ਇਸ ਵਾਰਦਾਤ ਤੋਂ ਬਾਅਦ ਇਲਾਕਾ ਵਾਸੀਆਂ ’ਚ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਾ ਬਣੀ ਹੋਈ ਹੈ। ਉਨ੍ਹਾਂ ਇਲਾਕੇ ’ਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚਿੱਟੇ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਹਨ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ।