ਕੇਂਦਰ ਨੇ ਅਮਰੀਕਾ ਕੋਲ ਭਾਰਤ ਦੇ ਹੱਕਾਂ ਨੂੰ ਰੱਖਿਆ ਗਿਰਵੀ : ਸਿੱਧੂਪੁਰ
ਕੇਂਦਰ ਨੇ ਅਮਰੀਕਾ ਕੋਲ ਭਾਰਤ ਦੇ ਹੱਕਾਂ ਨੂੰ ਰੱਖਿਆ ਗਿਰਵੀ :ਸਿੱਧੂਪੁਰ
Publish Date: Sun, 15 Feb 2026 06:53 PM (IST)
Updated Date: Mon, 16 Feb 2026 04:10 AM (IST)

ਜਥੇਬੰਦੀ ਨੇ ਭਾਰਤ ਤੇ ਅਮਰੀਕਾ ਦੇ ਸਾਂਝੇ ਬਿਆਨ ਦੀਆਂ ਸਾੜੀਆਂ ਕਾਪੀਆਂ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਵਿੱਚ ਜਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਗਈਆਂ।ਸੁਪਿੰਦਰ ਸਿੰਘ ਬੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜਿਵੇਂ ਮੁਗਲ ਸ਼ਾਸਕਾਂ ਸਮੇਂ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਅੰਦਰ ਉਸ ਸਮੇਂ ਸਿਰਫ ਵਪਾਰ ਕਰਨ ਲਈ ਇਜਾਜਤ ਲੈ ਕੇ ਪੂਰੇ ਦੇਸ਼ ਨੂੰ ਗੁਲਾਮ ਕੀਤਾ ਗਿਆ ਸੀ। ਉਸ ਈਸਟ ਇੰਡੀਆ ਕੰਪਨੀ ਦੀ ਗੁਲਾਮੀ ਤੋ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੱਖਾਂ ਮਰਜੀਵੜਿਆਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ ਅਤੇ ਦੇਸ਼ ਨੂੰ ਉਸ ਸਮੇਂ ਭਾਰਤ ਦੇ ਸ਼ਾਸਕਾਂ ਵੱਲੋਂ ਕੀਤੀ ਗਈ ਦੇਸ਼ ਮਾਰੂ ਸੰਧੀ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ ਹੁਣ ਉਸੇ ਰਸਤੇ ਉੱਤੇ ਫਿਰ ਤੋਂ ਭਾਜਪਾ ਦੀ ਸਰਕਾਰ ਵੱਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਕਿਸਾਨ ਮਾਰੂ ਅਤੇ ਦੇਸ਼ ਮਾਰੂ ਸਮਝੌਤਾ ਕੀਤਾ ਗਿਆ ਹੈ।ਉਸ ਦੇਸ਼ ਮਾਰੂ ਸਮਝੌਤੇ ਉੱਪਰ ਪਰਦਾ ਪਾਉਣ ਲਈ ਭਾਜਪਾ ਦੇ ਮੰਤਰੀਆਂ ਅਤੇ ਉਸ ਦੇ ਆਈਟੀ ਸੈਲ ਵੱਲੋਂ ਅਮਰੀਕਾ ਦੀ ਬੋਲੀ ਬੋਲਦੇ ਹੋਏ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ। ਉਸ ਦੇਸ਼ ਮਾਰੂ ਫੈਸਲੇ ਨੂੰ ਲਾਗੂ ਹੋਣ ਤੋ ਰੋਕਣ ਲਈ ਅਤੇ ਦੇਸ਼ ਨੂੰ ਫੇਰ ਤੋਂ ਗੁਲਾਮ ਹੋਣ ਤੋਂ ਬਚਾਉਣ ਲਈ ਕਿਸਾਨਾਂ, ਮਜ਼ਦੂਰਾਂ ਅਤੇ ਅਨਾਜ ਖਾਣ ਵਾਲੇ ਹਰ ਇੱਕ ਵਰਗ ਦੇ ਲੋਕਾਂ ਨੂੰ ਅੰਦੋਲਨ ਲੜਨਾ ਪਵੇਗਾ। ਇਸ ਸਬੰਧੀ ਸੰਯੁਕਤ ਮੋਰਚਾ ਗੈਰ ਦੀ ਭਾਰਤ ਵੱਲੋਂ ਕੰਨੀਆਂ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੀਤੀ ਜਾ ਰਹੀ ਹੈ। ਸੁਪਿੰਦਰ ਸਿੰਘ ਬੱਗਾ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਭਾਜਪਾ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਵੱਲੋਂ ਗੁਮਰਾਹਕੁੰਨ ਪ੍ਰਚਾਰ ਕਰਦੇ ਹੋਏ ਦੇਸ਼ ਨੂੰ ਗੁਲਾਮ ਬਣਾਉਣ ਵਾਲੀ ਅਤੇ ਦੇਸ਼ ਦੀ ਕਿਸਾਨੀ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੀ ਅਮਰੀਕਾ ਨਾਲ ਕੀਤੀ ਗਈ ਸੰਧੀ ਸਬੰਧੀ ਗੁਮਰਾਹਕੁੰਨ ਪ੍ਰਚਾਰ ਕਰਦੇ ਹੋਏ ਆਪਣੇ ਆਕਾ ਨੂੰ ਖੁਸ਼ ਕਰਨ ਲਈ ਝੂਠੀ ਬਿਆਨਬਾਜੀ ਕੀਤੀ ਜਾ ਰਹੀ ਹੈ ਭਾਰਤ ਅਮਰੀਕਾ ਦਰਮਿਆਨ ਹੋਏ ਸਮਝੌਤੇ ਦੀ ਸੱਚਾਈ ਭਾਰਤ ਅਤੇ ਅਮਰੀਕਾ ਦੇ ਸਾਂਝੇ ਬਿਆਨ ਤੋਂ ਸਾਹਮਣੇ ਆ ਚੁੱਕੀ ਹੈ। ਇਸ ਲਈ ਹੀ ਐੱਸਕੇਐੱਮ ਗੈਰ ਰਾਜਨੀਤਿਕ ਭਾਰਤ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ 15 ਫਰਵਰੀ ਨੂੰ ਭਾਰਤ ਅਤੇ ਅਮਰੀਕਾ ਦੇ ਸਾਂਝੇ ਬਿਆਨ ਦੀਆਂ ਕਾਪੀਆਂ ਸਾਰੇ ਦੇਸ਼ ਅੰਦਰ ਸਾੜੀਆਂ ਗਈਆਂ ਹਨ ਕਿਉਂਕਿ ਭਾਰਤ ਵੱਲੋਂ ਅਮਰੀਕਾ ਨਾਲ ਕੀਤਾ ਗਿਆ ਇਹ ਵਪਾਰਕ ਸਮਝੌਤਾ ਭਾਰਤ ਦੇ ਕਿਸਾਨਾਂ ਦੀ ਮੌਤ ਦਾ ਵਾਰੰਟ ਹੈ। ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।