ਕੇਂਦਰ ਦਾ ਅਮਰੀਕਾ ਨਾਲ ਖੇਤੀਬਾੜੀ ਟਰੇਡ ਸਮਝੌਤਾ ਕਿਸਾਨ ਵਿਰੋਧੀ : ਵਿਧਾਇਕ ਇਆਲੀ
ਕੇਂਦਰ ਸਰਕਾਰ ਦਾ ਅਮਰੀਕਾ ਨਾਲ ਖੇਤੀਬਾੜੀ
Publish Date: Sun, 15 Feb 2026 08:05 PM (IST)
Updated Date: Mon, 16 Feb 2026 04:15 AM (IST)

ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਮਰੀਕਾ ਨਾਲ ਖੇਤੀਬਾੜੀ ਟਰੇਡ ਸਮਝੌਤਾ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਜਿਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਮਾੜੀ ਹੋਵੇਗੀ ਤੇ ਇਹ ਫੈਸਲਾ ਕਿਸਾਨ ਵਿਰੋਧੀ ਫੈਸਲਾ ਹੈ ਜਿਸ ਨਾਲ ਦੇਸ਼ ਦਾ ਵੱਡਾ ਨੁਕਸਾਨ ਹੋਵੇਗਾ। ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰੇਗਾ ਉੱਥੇ ਖੇਤੀਬਾੜੀ ਧੰਦੇ ਨਾਲ ਜੁੜੇ ਹੋਰ ਸਹਾਇਕ ਧੰਦਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਵਲੀਪੁਰ ਕਲਾਂ ਵਿਖੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਖਹਿਰਾ, ਸੁਰਿੰਦਰ ਸਿੰਘ ਛਿੰਦਾ ਖਹਿਰਾ ਦੇ ਘਰ ਰੱਖੇ ਸਮਾਗਮ ਦੌਰਾਨ ਕਿਸਾਨ ਮਿਲਣੀ ਸਮੇਂ ਗੱਲਬਾਤ ਕਰਦਿਆਂ ਕੀਤਾ। ਇਆਲੀ ਨੇ ਕਿਹਾ ਕਿ ਕੇਂਦਰ ਦੀ ਅਮਰੀਕਾ ਨਾਲ ਇਸ ਡੀਲ ਨੂੰ ਗੁਪਤ ਰੱਖਿਆ ਗਿਆ ਸੀ ਅਤੇ ਇਸ ਦਾ ਖੁਲਾਸਾ ਅਮਰੀਕਾ ਦੇ ਖੇਤੀਬਾੜੀ ਸਕੱਤਰ ਵਲੋਂ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੇ ਜੋ ਅਮਰੀਕਾ ਨਾਲ ਖੇਤੀਬਾੜੀ ਵਪਾਰ ਸਬੰਧੀ ਸਮਝੌਤਾ ਕੀਤਾ ਹੈ ਉਹ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਭਵਿੱਖ ਵਿਚ ਬਹੁਤ ਹੀ ਮਾਰੂ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਖੇਤੀਬਾੜੀ ਸਬੰਧੀ ਸਬਸਿਡੀਆਂ ਮਿਲਦੀਆਂ ਹਨ, ਇਸ ਲਈ ਜਦੋਂ ਅਮਰੀਕੀ ਪੈਦਾਵਾਰ ਭਾਰਤੀ ਮੰਡੀ ਅਤੇ ਬਾਜ਼ਾਰ ਵਿਚ ਆਉਣਗੀਆਂ ਤਾਂ ਭਾਰਤੀ ਕਿਸਾਨਾਂ ਦੀ ਪੈਦਾਵਾਰ ਮੰਡੀਆਂ ਵਿਚ ਰੁਲਣਗੀਆਂ ਅਤੇ ਵਪਾਰੀ ਵਰਗ ਅਮਰੀਕੀ ਸਸਤਾ ਮਾਲ ਖ਼ਰੀਦਣਗੇ। ਇਆਲੀ ਨੇ ਹੋਰ ਕਿਹਾ ਕਿ ਇਸ ਡੀਲ ਨਾਲ ਡੇਅਰੀ ਫਾਰਮਿੰਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਅਮਰੀਕੀ ਡੇਅਰੀ ਪ੍ਰੋਡਕਟ ਅਤੇ ਸੁੱਕਾ ਦੁੱਧ ਵਗੈਰਾ ਬਹੁਤ ਹੀ ਸਸਤੇ ਰੇਟਾ ਤੇ ਅਮਰੀਕਾ ਤੋਂ ਆਉਣਗੇ ਅਤੇ ਪੂਰੇ ਭਾਰਤ ਅਤੇ ਪੰਜਾਬ ਦੇ ਡੇਅਰੀ ਸਿਸਟਮ ਨੂੰ ਤਹਿਸ ਨਹਿਸ ਕਰ ਦੇਵੇਗੀ। ਵਿਧਾਇਕ ਇਆਲੀ ਨੇ ਕਿਹਾ ਕਿ ਅਸੀਂ ਇਸ ਖ਼ਿਲਾਫ਼ ਵੱਡੇ ਪੱਧਰ ਤੇ ਆਪਣੀ ਆਵਾਜ਼ ਬੁਲੰਦ ਕਰਾਂਗੇ। ਇਸ ਮੌਕੇ ਕੁਲਦੀਪ ਸਿੰਘ ਖਹਿਰਾ, ਸੋਹਣ ਸਿੰਘ ਕੈਨੇਡਾ, ਜਗਜੀਵਨ ਸਿੰਘ ਝੱਜ, ਸਰਪੰਚ ਹਰਦਿਆਲ ਸਿੰਘ ਗੋਲਾ, ਨੰਬਰਦਾਰ ਰਣਜੀਤ ਸਿੰਘ , ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਕਰਮਵੀਰ ਸਿੰਘ ਗਿੱਲ ਨੂਰਪੁਰ ਬੇਟ, ਬਲਦੇਵ ਸਿੰਘ ਖਹਿਰਾ, ਸ਼ਮਸ਼ੇਰ ਸਿੰਘ ਖਹਿਰਾ, ਨੰਬਰਦਾਰ ਬਲਵੰਤ ਸਿੰਘ ਢੇਸੀ, ਹਰਦੀਪ ਸਿੰਘ ਯੂਐੱਸਏ, ਹਰਜੀਤ ਸਿੰਘ ਖਹਿਰਾ, ਜਗਜੀਤ ਸਿੰਘ ਹਾਜ਼ਰ ਸਨ।