ਕੇਂਦਰ ਸਰਕਾਰ ਕਿਸਾਨਾਂ ਤੇ ਮੱਧ ਵਰਗ ਨੂੰ ਖਤਮ ਕਰਨ ’ਤੇ ਤੁਲੀ : ਖੀਰਨੀਆਂ
ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹਿੱਤਾਂ ਖਾਤਿਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਉੱਤੇ ਡਾਕਾ ਨਾ ਮਾਰੇ- ਖੀਰਨੀਆਂ
Publish Date: Mon, 05 Jan 2026 06:14 PM (IST)
Updated Date: Tue, 06 Jan 2026 04:06 AM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ,
ਸਮਰਾਲਾ : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ.ਟੀ. ਰੋਡ ਵਿਖੇ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਪ੍ਰਧਾਨਗੀ ਹੇਠ ਹੋਈ। ਖੀਰਨੀਆਂ ਨੇ ਨਵੇਂ ਸਾਲ ਦੀ ਪਹਿਲੀ ਮੀਟਿੰਗ ਮੌਕੇ ਸਮੁੱਚੇ ਦੇਸ਼ ਵਿਦੇਸ਼ ਵਸਦੇ ਭਾਰਤੀਆਂ ਮੁਬਾਰਕਬਾਦ ਦਿੱਤੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲਾ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲੇ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਿਲਕੁੱਲ ਖਤਮ ਕਰਨ ਤੇ ਤੁਲੀ ਹੋਈ ਹੈ, ਸਾਰੇ ਕੰਮ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਜਾ ਰਹੇ ਹਨ, ਗਰੀਬ ਲੋਕਾਂ ਨੂੰ ਮਿਲਦੀ ਬਿਜਲੀ ਵੀ ਪ੍ਰਾਈਵੇਟ ਕਰਕੇ ਮਹਿੰਗੇ ਭਾਅ ਲੋਕਾਂ ਨੂੰ ਵੇਚੀ ਜਾਵੇਗੀ ਜਿਸ ਲਈ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2025 ਲਿਆਂਦਾ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਦੀ ਮਿਹਨਤ ਤੇ ਡਾਕਾ ਮਾਰਿਆ ਹੈ, ਮਨਰੇਗਾ ਸਕੀਮ ਬੰਦ ਕਰਕੇ ਉਸਨੂੰ ਨਵਾਂ ਨਾਂ ਦੇ ਕੇ ਗਰੀਬਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ ਇਸ ਉੱਤੇ ਸਾਰੀਆਂ ਪਾਰਟੀਆਂ ਨੂੰ ਸਿਆਸਤ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇ, ਜੇਕਰ ਮੁੜ ਦਿੱਲੀ ਘੇਰਨੀ ਪੈ ਜਾਂਦੀ ਹੈ ਤਾਂ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਮੋਹਰੀ ਹੋ ਕੇ ਤੁਰਨਗੇ।
ਹੋਰ ਬੁਲਾਰਿਆਂ ਨੇ ਆਪਣੀ ਸਹਿਮਤੀ ਦਿੰਦੇ ਹੋਏ ਕਿ ਭਾਕਿਯੂ (ਦੋਆਬਾ) ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਲਈ ਉਨ੍ਹਾਂ ਦੇ ਮੌਢੇ ਨਾਲ ਮੌਢਾ ਜੋੜ ਕੇ ਸਾਥ ਦੇਣ ਲਈ ਤਿਆਰ ਖੜ੍ਹੀ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੁਖਦੇਵ ਸਿੰਘ ਕਟਾਣਾ ਸਾਹਿਬ, ਰਣਜੀਤ ਸਿੰਘ ਕਟਾਣਾ ਸਾਹਿਬ, ਗੁਰਪਾਲ ਸਿੰਘ ਬਾਲਿਓਂ, ਜੀਤ ਸਿੰਘ ਟੋਡਰਪੁਰ, ਚਰਨ ਸਿੰਘ ਸਮਰਾਲਾ, ਚੌਹਾਨ ਸਿੰਘ ਸਮਰਾਲਾ, ਮਨਜੀਤ ਸਿਘ ਬਲਾਕ ਪ੍ਰਧਾਨ ਸਮਰਾਲਾ, ਮਿੱਤਰਪਾਲ ਸਿੰਘ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਜਸਦੇਵ ਸਿੰਘ ਮੈਂਬਰ, ਭਗਵੰਤ ਸਿੰਘ ਮੈਂਬਰ, ਰਾਜਿੰਦਰ ਸਿੰਘ ਮੈਂਬਰ, ਹਰਿਜਿੰਦਰ ਸਿੰਘ ਮੈਂਬਰ, ਸੋਹਣ ਸਿੰਘ ਮੈਂਬਰ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।