ਦਿੱਲੀ ਤੋਂ ਪ੍ਰੋਡੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਏ ਕੈਟਾਗਰੀ ਦਾ ਗੈਂਗਸਟਰ ਪੰਕਜ ਰਾਜਪੂਤ
ਦਿੱਲੀ ਤੋਂ ਪ੍ਰੋਡੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਏ ਕੈਟਾਗਰੀ ਦਾ ਗੈਂਗਸਟਰ ਪੰਕਜ ਰਾਜਪੂਤ
Publish Date: Mon, 16 Mar 2026 08:51 PM (IST)
Updated Date: Tue, 17 Mar 2026 04:13 AM (IST)
- ਅਦਾਲਤ ਨੇ ਭੇਜਿਆ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਕ੍ਰਾਈਮ ਬ੍ਰਾਂਚ ਨੇ ਏ-ਕੈਟਾਗਰੀ ਦੇ ਗੈਂਗਸਟਰ ਪੰਕਜ ਰਾਜਪੂਤ ਨੂੰ ਪ੍ਰੋਡੈਕਸ਼ਨ ਵਾਰੰਟ ’ਤੇ ਦਿੱਲੀ ਤੋਂ ਲਿਆ ਕੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਦੀ ਮੰਗ ਮਨਜ਼ੂਰ ਕਰਦਿਆਂ ਮੁਲਜ਼ਮ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਰਿਮਾਂਡ ਦੌਰਾਨ ਉਸ ਨਾਲ ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਸਬੰਧੀ ਗਹਿਰਾਈ ਨਾਲ ਪੁੱਛਗਿੱਛ ਕਰੇਗੀ। ਜਾਣਕਾਰੀ ਮੁਤਾਬਕ ਕਰੀਬ ਇੱਕ ਮਹੀਨਾ ਪਹਿਲਾਂ ਦਿੱਲੀ ਪੁਲਿਸ ਨੇ ਪੰਕਜ ਰਾਜਪੂਤ ਨੂੰ ਟਿੱਬਾ ਰੋਡ ਸਥਿਤ ਉਸ ਦੇ ਇਕ ਰਿਸ਼ਤੇਦਾਰ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਦਿੱਲੀ ਪੁਲਿਸ ਨੇ ਉਸਨੂੰ ਰੰਗਦਾਰੀ ਦੇ ਇੱਕ ਮਾਮਲੇ ਵਿੱਚ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਹਿਰਾਸਤ ਵਿੱਚ ਸੀ। ਹੁਣ ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਉਸਨੂੰ ਪ੍ਰੋਡੈਕਸ਼ਨ ਵਾਰੰਟ ’ਤੇ ਹਾਸਲ ਕਰ ਲਿਆ ਹੈ। ਪੁਲਿਸ ਅਨੁਸਾਰ ਪੰਕਜ ਰਾਜਪੂਤ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨਾਲ ਵੀ ਸੰਬੰਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਸੰਬੰਧਾਂ ਬਾਰੇ ਵੀ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਦੇ ਮੁਤਾਬਕ ਪੰਕਜ ਰਾਜਪੂਤ ਖ਼ਿਲਾਫ਼ ਲੁਧਿਆਣਾ ਦੇ ਡਿਵੀਜ਼ਨ ਨੰਬਰ- 2, ਬਸਤੀ ਜੋਧੇਵਾਲ ਅਤੇ ਡਿਵੀਜ਼ਨ ਨੰਬਰ-7 ਥਾਣਿਆਂ ਤੋਂ ਇਲਾਵਾ ਸੰਗਰੂਰ, ਫ਼ਿਰੋਜ਼ਪੁਰ ਅਤੇ ਬਠਿੰਡਾ ਵਿੱਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਕੁੱਲ ਮਿਲਾ ਕੇ ਉਸ ਦੇ ਖ਼ਿਲਾਫ਼ ਲਗਭਗ 20 ਕੇਸ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ।
ਪੁਲਿਸ ਰਿਕਾਰਡ ਮੁਤਾਬਕ ਸਾਲ 2023 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ। ਇਸ ਤੋਂ ਪਹਿਲਾਂ ਸਾਲ 2019 ਵਿੱਚ ਜਦੋਂ ਉਹ ਲੁਧਿਆਣਾ ਸੈਂਟ੍ਰਲ ਜੇਲ੍ਹ ਵਿੱਚ ਬੰਦ ਸੀ ਤਾਂ ਉਸਦੇ ਕੋਲੋਂ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨਵਦੀਪ ਨੇ ਦੱਸਿਆ ਕਿ 5 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਉਸ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਮਾਮਲਿਆਂ ਵਿੱਚ ਉਹ ਫਰਾਰ ਚੱਲ ਰਿਹਾ ਸੀ, ਉਨ੍ਹਾਂ ਵਿੱਚ ਵੀ ਉਸ ਦੀ ਗ੍ਰਿਫ਼ਤਾਰੀ ਦਰਜ ਕੀਤੀ ਜਾਵੇਗੀ ਅਤੇ ਗੈਂਗ ਨਾਲ ਜੁੜੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।