ਜ਼ਮੀਨ ’ਚ ਨਾਜਾਇਜ਼ ਮਾਈਨਿੰਗ ਸਬੰਧੀ ਪਰਚਾ ਦਰਜ
ਪਿੰਡ ਜਮਾਲਪੁਰ ਲੇਲੀ ਦੀ ਜਮੀਨ ਵਿੱਚ ਨਜਾਇਜ਼ ਮਾਈਨਿੰਗ ਸਬੰਧੀ ਪਰਚਾ ਦਰਜ
Publish Date: Fri, 20 Feb 2026 08:29 PM (IST)
Updated Date: Fri, 20 Feb 2026 08:33 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸੂਬੇ ਵਿੱਚ ਨਾਜਾਇਜ਼ ਰੇਤ ਮਾਈਨਿੰਗ ਉੱਪਰ ਮੁਕੰਮਲ ਪਾਬੰਦੀ ਦੇ ਬਾਵਜੂਦ ਸਤਲੁਜ ਦਰਿਆ ਦੇ ਆਸ-ਪਾਸ ਰੇਤ ਅਤੇ ਮਿੱਟੀ ਦੀ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਚੋਰੀ ਛਿਪੇ ਮਾਈਨਿੰਗ ਕੀਤੀ ਜਾ ਰਹੀ ਹੈ। ਅਜਿਹੇ ਹੀ ਇੱਕ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਿਹਰਬਾਨ ਪੁਲਿਸ ਵੱਲੋਂ ਮਾਈਨਿੰਗ ਐਕਟ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਹ ਮਾਮਲਾ ਮਾਈਨਿੰਗ ਇੰਸਪੈਕਟਰ ਦੇ ਬਿਆਨ ਉੱਪਰ ਦਰਜ ਕੀਤਾ ਹੈ। ਥਾਣਾ ਮਿਹਰਬਾਨ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਮੁਤਾਬਕ ਮਾਈਨਿੰਗ ਇੰਸਪੈਕਟਰ ਅਫਸਰ ਫਿਲੋਰ ਬੰਨ੍ਹ ਉਪ ਮੰਡਲ ਮਨਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਫਰਵਰੀ ਮਹੀਨੇ ਵਿੱਚ ਵਿਭਾਗ ਵੱਲੋਂ ਸਤਲੁਜ ਬੰਨ ਦੇ ਆਲੇ-ਦੁਆਲੇ ਸਰਵੇ ਕੀਤਾ ਗਿਆ। ਇਸ ਸਰਵੇ ਦੌਰਾਨ ਪਿੰਡ ਜਮਾਲਪੁਰ ਲੇਲੀ ਵਿਖੇ ਨਜਾਇਜ਼ ਢੰਗ ਨਾਲ ਰੇਤ ਮਾਈਨਿੰਗ ਹੋਣ ਦੇ ਸਬੂਤ ਮਿਲੇ। ਹਾਲਾਂਕਿ ਵਿਭਾਗ ਦੀ ਟੀਮ ਨੂੰ ਸਾਈਟ ’ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੀ ਕੋਈ ਮਸ਼ੀਨਰੀ ਮੌਜੂਦ ਨਹੀਂ ਮਿਲੀ। ਪਰ ਨਾਜਾਇਜ਼ ਢੰਗ ਨਾਲ ਰੇਤਾ ਭਰ ਕੇ ਲੈ ਜਾਣ ਵਾਲੇ ਟਿੱਪਰਾਂ ਦੇ ਟਾਇਰਾਂ ਦੇ ਨਿਸ਼ਾਨ ਜ਼ਰੂਰ ਮਿਲੇ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਰਿਪੋਰਟ ਬਣਾ ਕੇ ਥਾਣਾ ਮਿਹਰਬਾਨ ਪੁਲਿਸ ਨੂੰ ਦਿੱਤੀ ਅਤੇ ਅਣਪਛਾਤੇ ਮਾਈਨਿੰਗ ਮਾਫੀਆ ਖ਼ਿਲਾਫ਼ ਮਾਈਨਿੰਗ ਐਕਟ ਅਧੀਨ ਪਰਚਾ ਦਰਜ ਕਰਵਾਇਆ।