ਲੜਕੀ ਨੂੰ ਤੰਗ ਕਰਨ ਵਾਲੇ ਮਨਚਲੇ ਖ਼ਿਲਾਫ਼ ਮੁਕੱਦਮਾ ਦਰਜ
ਲੜਕੀ ਨੂੰ ਤੰਗ ਕਰਨ ਵਾਲੇ ਮਨਚਲੇ ਦੇ ਖਿਲਾਫ ਮੁਕੱਦਮਾ ਦਰਜ
Publish Date: Wed, 01 Apr 2026 08:34 PM (IST)
Updated Date: Thu, 02 Apr 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇਕ ਅਜਿਹੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ ਜੋ ਇਲਾਕੇ ਦੀ ਹੀ ਰਹਿਣ ਵਾਲੀ ਇਕ 25 ਸਾਲ ਦੀ ਲੜਕੀ ਨੂੰ ਤੰਗ ਕਰ ਰਿਹਾ ਸੀ। ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਪਛਾਣ ਗਲੀ ਨੰਬਰ 4 ਮੁਹੱਲਾ ਰਵਿੰਦਰਾ ਕਾਲੋਨੀ ਸ਼ਿਮਲਾਪੁਰੀ ਵਾਸੀ ਗੁਰਜੀਤ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਪ੍ਰਾਈਵੇਟ ਨੌਕਰੀ ਕਰਦੀ ਹੈ। ਸ਼ਿਕਾਇਤਕਰਤਾ ਮੁਤਾਬਕ ਲੜਕੀ ਜਦ ਵੀ ਕੰਮ ’ਤੇ ਜਾਂਦੀ ਜਾਂ ਘਰ ਵਾਪਸ ਆਉਂਦੀ ਤਾਂ ਮੁਲਜ਼ਮ ਰਾਹ ’ਚ ਰੋਕ ਕੇ ਉਸ ਨੂੰ ਪ੍ਰੇਸ਼ਾਨ ਕਰਦਾ। ਬੀਤੇ ਦਿਨ ਲੜਕੀ ਕੰਮ ਤੋਂ ਘਰ ਵਾਪਸ ਆ ਰਹੀ ਸੀ ਇਸੇ ਦੌਰਾਨ ਮੁਲਜ਼ਮ ਨੇ ਉਸ ਦੀ ਬਾਂਹ ਫੜ ਕੇ ਰੋਕ ਲਿਆ ਤੇ ਲੜਕੀ ਦਾ ਫੋਨ ਨੰਬਰ ਮੰਗਣ ਲੱਗ ਪਿਆ। ਖ਼ੁਦ ਦਾ ਬਚਾਅ ਕਰਦੀ ਹੋਈ ਲੜਕੀ ਗਲੀ ’ਚੋਂ ਨੱਸ ਪਈ। ਰੋਂਦੀ ਹੋਈ ਲੜਕੀ ਨੇ ਘਰ ਜਾ ਕੇ ਆਪਣੇ ਪਿਤਾ ਨੂੰ ਸਾਰਾ ਕੁਝ ਦੱਸਿਆ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਸਾਰਾ ਮਾਮਲਾ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਉਧਰ, ਇਸ ਮਾਮਲੇ ’ਚ ਜਾਂਚ ਅਧਿਕਾਰੀ ਸ਼ਲਵਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।