ਕੁੱਟਮਾਰ ਕਰਨ ਦੇ ਦੋਸ਼ ’ਚ 5 ਖ਼ਿਲਾਫ਼ ਪਰਚਾ ਦਰਜ
ਕੁੱਟਮਾਰ ਕਰਨ ਵਾਲੇ 5 ਨੌਜਵਾਨਾਂ ’ਤੇ ਪਰਚਾ
Publish Date: Mon, 02 Mar 2026 07:29 PM (IST)
Updated Date: Tue, 03 Mar 2026 04:09 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲੇ 5 ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਇੰਦਰਜੀਤ ਸਿੰਘ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਤਲਵੰਡੀ ਨੌਆਬਾਦ ਨੇ ਦੱਸਿਆ ਕਿ ਬੀਤੀ 6 ਫਰਵਰੀ ਨੂੰ ਉਹ ਆਪਣੀ ਵੈਲਡਿੰਗ ਦੀ ਦੁਕਾਨ ’ਤੇ ਬੈਠਾ ਸੀ ਅਤੇ ਬੌਬੀ ਪੁੱਤਰ ਲੱਡੂ ਸਿੰਘ, ਸੰਦੀਪ ਸਿੰਘ ਪੁੱਤਰ ਰਾਜੂ ਸਿੰਘ ਅਤੇ ਮੋਨੀ ਪੁੱਤਰ ਪੱਪੂ ਵਾਸੀਆਨ ਕੁੱਲ ਗਹਿਣਾ ਮੋਟਰਸਾਈਕਲ ’ਤੇ ਸਵਾਰ ਹੋਕੇ ਉਸਦੀ ਦੁਕਾਨ ’ਤੇ ਆਏ ਤੇ ਉਸ ਪਾਸੋਂ ਗੱਲੇ ਦੀਆਂ ਚਾਬੀਆਂ ਦੀ ਮੰਗ ਕਰਨ ਲੱਗੇ। ਜਦੋਂ ਮਨਜੀਤ ਨੇ ਚਾਬੀਆਂ ਨਾ ਦਿੱਤੀਆਂ ਤਾਂ ਸੰਦੀਪ ਸਿੰਘ ਅਤੇ ਮੋਨੀ ਨੇ ਮਨਜੀਤ ਨੂੰ ਬਾਹਾਂ ਤੋਂ ਫੜ ਲਿਆ ਤੇ ਬੌਬੀ ਨੇ ਉਸਦੀ ਕੁੱਟਮਾਰ ਕਰਦਿਆਂ ਮਨਜੀਤ ਦੀ ਜੇਬ ਵਿੱਚੋਂ ਪੰਜ ਹਜਾਰ ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਬਾਰੇ ਮਨਜੀਤ ਨੇ ਆਪਣੇ ਲੜਕੇ ਜਸਪਾਲ ਸਿੰਘ ਨੂੰ ਫੋਨ ’ਤੇ ਜਾਣਕਾਰੀ ਦਿੱਤੀ। ਬਾਅਦ ’ਚ ਜਸਪਾਲ ਸਿੰਘ ਨੇ ਦੁਕਾਨ ’ਤੇ ਆਕੇ ਉਸ ਕੋਲੋਂ ਸਾਰੀ ਗੱਲਬਾਤ ਪੁੱਛੀ ਅਤੇ ਇਸਦੀ ਜਾਣਕਾਰੀ ਮੋਹਤਵਰ ਵਿਅਕਤੀਆਂ ਨੂੰ ਦਿੱਤੀ। ਇਸਤੋਂ ਬਾਅਦ ਮਨਜੀਤ ਆਪਣੇ ਪੁੱਤ ਜਸਪਾਲ ਸਿੰਘ, ਭਤੀਜੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਹੋਰ ਮੋਹਤਵਰਾਂ ਦੇ ਨਾਲ ਬੌਬੀ ਉਕਤ ਦੇ ਉਲਾਂਭਾ ਦੇਣ ਜਾ ਰਹੇ ਸੀ ਤਾਂ ਜਦੋਂ ਉਹ ਅਮਰੀਕ ਸਿੰਘ ਆਲੀਵਾਲ ਦੇ ਫਾਰਮ ਕੋਲ ਪੁੱਜੇ ਤਾਂ ਬੌਬੀ, ਸੰਦੀਪ, ਮੋਨੀ, ਸੁਖਵਿੰਦਰ ਸਿੰਘ ਉਰਫ ਢਿੱਬਰੀ ਪੁੱਤਰ ਸੁਰਜੀਤ ਸਿਘ ਵਾਸੀ ਕੁੱਲ ਗਹਿਣਾ ਅਤੇ ਮਨਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕੋਟਲੀ , ਜਿਹੜੇ ਮੋਟਰਸਾਈਕਲਾਂ ’ਤੇ ਸਵਾਰ ਸਨ ਨੇ ਲਵਪ੍ਰੀਤ ਹੋਰਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਦਾਖਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਬੌਬੀ, ਸੰਦੀਪ, ਮੋਨੀ, ਸੁਰਜੀਤ ਅਤੇ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।