ਇੰਸਟਾਗ੍ਰਾਮ ’ਤੇ ਧਮਕੀਆਂ ਦੇਣ ਵਾਲੇ 3 ਨੌਜਵਾਨਾਂ ’ਤੇ ਪਰਚਾ
ਇੰਸਟਾਗ੍ਰਾਮ ’ਤੇ ਲਾਈਵ ਹੋਕੇ ਧਮਕੀਆਂ ਦੇਣ ਵਾਲੇ 3 ਨੌਜਵਾਨਾਂ ’ਤੇ ਪਰਚਾ
Publish Date: Tue, 24 Feb 2026 07:25 PM (IST)
Updated Date: Wed, 25 Feb 2026 04:11 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਇੰਸਟਾਗ੍ਰਾਮ ’ਤੇ ਲਾਈਵ ਹੋਕੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਤਿੰਨ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਇੰਸਪੈਕਟਰ ਕੁਲਜਿੰਦਰ ਸਿੰਘ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਇਕਬਾਲ ਸਿੰਘ ਵਾਸੀ ਪਿੰਡ ਮਾਜਰੀ ਨੇ ਦਰਜ ਕਰਵਾਏ ਬਿਆਨਾ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵੱਲੋ ਆਪਣੇ ਸਾਥੀਆਂ ਨਾਲ ਮਿਲਕੇ ਪਹਿਲਾਂ ਉਸਦੇ ਪੁੱਤ ਹਰਦੀਪ ਸਿੰਘ ਦੀ ਕੁੱਟਮਾਰ ਕਰਕੇ ਲੱਤਾਂ ਤੋੜੀਆਂ ਸਨ। ਇਸ ਸਬੰਧੀ ਉਨ੍ਹਾਂ ਮਨਪ੍ਰੀਤ ਸਿੰਘ ਤੇ ਕੁਝ ਹੋਰਨਾਂ ਵਿਅਕਤੀਆਂ ਖਿਲਾਫ ਥਾਣਾ ਦਾਖਾ ਵਿਖੇ ਕੇਸ ਦਰਜ ਕਰਵਾਇਆ ਸੀ। ਇਸ ਉਪਰੰਤ ਉਸਦਾ ਪੁੱਤ ਹਰਦੀਪ ਸਿੰਘ ਕੈਨੇਡਾ ਚਲਾ ਗਿਆ। ਹੁਣ ਮਨਪ੍ਰੀਤ ਸਿੰਘ ਆਪਣੇ ਦੋਸਤ ਵਰਿੰਦਰ ਸਿੰਘ ਵਾਸੀ ਬੁਜਰਗ ਅਤੇ ਜਸਨਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਲਕ ਜਗਰਾਓਂ ਨਾਲ ਲਾਈਵ ਹੋ ਕੇ ਇੰਸਟਾਗ੍ਰਾਮ ’ਤੇ ਹਰਦੀਪ ਸਿੰਘ ਤੇ ਉਸਦੇ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਮਾਜਰੀ ਹਾਲ ਵਾਸੀ ਅਮਰੀਕਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਪੋਸਟਾਂ ਪਾਈਆਂ ਗਈਆਂ ਹਨ ਤੇ ਹੁਣ ਕਹਿੰਦੇ ਹਨ ਕਿ ਅਸੀਂ ਇਨਾ ਨੂੰ ਮਾਰ ਕੇ ਹੀ ਦਮ ਲਵਾਂਗੇਂ। ਦਾਖਾ ਪੁਲਿਸ ਨੇ ਬਿਆਨਾ ਦੇ ਆਧਾਰ ’ਤੇ ਉਕਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।