ਘਰ ਬਾਹਰ ਹੂਟਰ ਵਜਾਉਣ ਤੋਂ ਰੋਕਿਆ ਤਾਂ ਕਾਰ ਸਵਾਰਾਂ ਨੇ ਕੀਤਾ ਹਮਲਾ
ਘਰ ਬਾਹਰ ਹੂਟਰ ਵਜਾਉਣ ਤੋਂ ਰੋਕਿਆ ਤਾਂ ਕਾਰ ਸਵਾਰਾਂ ਨੇ ਕੀਤਾ ਹਮਲਾ
Publish Date: Thu, 05 Mar 2026 07:37 PM (IST)
Updated Date: Fri, 06 Mar 2026 04:12 AM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਆਪਣੇ ਘਰ ਦੇ ਬਾਹਰ ਅੱਧੀ ਰਾਤ ਵੇਲੇ ਕਾਰ ਦੇ ਹੂਟਰ ਮਾਰਨ ਵਾਲੇ ਕਾਰ ਸਵਾਰਾਂ ਨੂੰ ਰੋਕਣ ਤੇ ਉਕਤ ਕਾਰ ਸਵਾਰ ਨੇ ਆਪਣੇ ਸਾਥੀਆਂ ਸਮੇਤ ਘਰ ਦੇ ਮਾਲਕ ਉਪਰ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਨੇ ਮਾਡਲ ਟਾਊਨ ਐਕਸਟੈਨਸ਼ਨ ਦੇ ਵਾਸੀ ਰਕੇਸ਼ ਸ਼ਰਮਾ ਦੇ ਬਿਆਨ ਉੱਪਰ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਬਨੀਤ ਸ਼ਰਮਾ, ਰਿਤਵਿਤ ਸਾਰਿਨ ਵਾਸੀ ਮਾਡਲ ਟਾਊਨ ਐਕਸਟੈਂਸ਼ਨ, ਰੋਹਨ ਅਹੂਜਾ, ਅਨੀਸ ਸਹਿਗਲ ਅਤੇ ਉਨ੍ਹਾਂ ਦੇ ਕਰੀਬ ਅੱਧਾ ਦਰਜਨ ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਰਕੇਸ਼ ਸ਼ਰਮਾ ਮਤਾਬਕ ਵਾਰਦਾਤ ਵਾਲੀ ਰਾਤ ਕਰੀਬ ਸਵਾ ਇੱਕ ਵਜੇ ਮੁਲਜ਼ਮ ਆਪਣੀ ਫਾਰਚੂਨਰ ਕਾਰ ਤੇ ਸਵਾਰ ਹੋ ਕੇ ਆਏ ਅਤੇ ਉਸ ਦੇ ਘਰ ਬਾਹਰ ਕਾਰ ਖੜੀ ਕਰਕੇ ਜੋਰ ਜੋਰ ਨਾਲ ਕਾਰ ਦਾ ਹੂਟਰ ਮਰਨ ਲੱਗੇ। ਹੂਟਰ ਦੀ ਤੇਜ਼ ਆਵਾਜ਼ ਕਾਰਨ ਉਸ ਦੀ ਕਰੀਬ 90 ਸਾਲ ਦੀ ਬਜ਼ੁਰਗ ਦਾਦੀ ਸੱਤਿਆਵਤੀ ਅਤੇ ਛੋਟਾ ਬੇਟਾ ਬੁਰੀ ਤਰ੍ਹਾਂ ਨਾਲ ਡਰ ਅਤੇ ਸਹਿਮ ਗਏ। ਮੁੱਦਈ ਨੇ ਉਨ੍ਹਾਂ ਕਾਰ ਚਾਲਕਾਂ ਨੂੰ ਘਰ ਬਾਹਰ ਹੂਟਰ ਨਾ ਵਜਾਉਣ ਲਈ ਕਿਹਾ ਤਾਂ ਉਨ੍ਹਾਂ ਮੁੱਦਈ ਨਾਲ ਲੜਾਈ ਝਗੜਾ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਉਸ ਵੇਲੇ ਤਾਂ ਉਹ ਵਾਪਸ ਚਲੇ ਗਏ, ਪਰ ਕਰੀਬ 15 ਮਿੰਟ ਬਾਅਦ ਆਪਣੇ ਸਾਥੀਆਂ ਨਾਲ ਦੁਬਾਰਾ ਵਾਪਸ ਆਏ ਅਤੇ ਉਸ ਦੇ ਘਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸੁਖਪਾਲ ਰਾਮ ਮੁਤਾਬਕ ਘਟਨਾ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਸ਼ਿਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। --