‘ਕਾਲ’ ਬਣ ਕੇ ਕਿਸ਼ਤੀ ਨਾਲ ਟਕਰਾਇਆ ਕੈਪਸੂਲ ਪੁਲ਼
‘ਕਾਲ’ ਬਣ ਕੇ ਕਿਸ਼ਤੀ ਨਾਲ ਟਕਰਾਇਆ ਕੈਪਸੂਲ ਪੁਲ਼
Publish Date: Fri, 10 Apr 2026 08:30 PM (IST)
Updated Date: Sat, 11 Apr 2026 04:15 AM (IST)

-13 ਹਾਦਸੇ ਦੇ ਚਸ਼ਮਦੀਦ ਵਿਜੇ ਬਹਿਲ ਆਪਣੀ ਪਤਨੀ ਕਵਿਤਾ ਬਹਿਲ ਨਾਲ ਇਸ ਹਾਦਸੇ ਵਿਚ ਕਵਿਤਾ ਬਹਿਲ ਦੀ ਮੌਤ ਹੋ ਗਈ। -14 ਵਰਿੰਦਾਵਨ ’ਚ ਕਿਸ਼ਤੀ ਪਲਟਨ ਦੇ ਹਾਦਸੇ ਤੋਂ ਪਹਿਲਾਂ ਦੀ ਤਸਵੀਰ ਜਿਸ ਵਿਚ ਸ਼ਰਧਾਲੂ ‘ਰਾਧੇ-ਰਾਧੇ’ ਦਾ ਜਾਪ ਕਰ ਰਹੇ ਹਨ। -15 ਜਗਰਾਓਂ ਤੋਂ ਵਰਿੰਦਰਵਨ ਜਾਣ ਵੇਲੇ ਸ਼ਰਧਾਂਲੂ ਜੈਕਾਰੇ ਲਗਾਉਂਦੇ ਹੋਏ। -16 ਵਰਿੰਦਾਵਨ ’ਚ ਕਿਸ਼ਤੀ ਪਲਟਨ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਦੀ ਤਸਵੀਰ। - ਯਮੁਨਾ ’ਚ ਕਿੰਝ ਸਮਾਈਆਂ 10 ਜ਼ਿੰਦਗੀਆਂ ਦੀ ਚਸ਼ਮਦੀਦ ਦੀ ਜੁਬਾਨੀ - ਹਾਦਸੇ ਦੇ ਚਸ਼ਮਦੀਦ ਵਿਜੇ ਬਹਿਲ ਨੇ ਅੱਖੀਂ ਦੇਖੇ ਮੌਤ ਦੇ ਮਜ਼ਰ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ‘ਅਸੀਂ ਤਾਂ ਠਾਕੁਰ ਜੀ ਦਾ ਗੁਣਗਾਨ ਕਰਦੇ ਉਨ੍ਹਾਂ ਦੇ ਭਜਨਾਂ ’ਚ ਮਸਤ ਦੇਵਰਾ ਬਾਬਾ ਦੀ ਸਮਾਧੀ ’ਤੇ ਨਤਮਸਤਕ ਹੋਣ ਜਾ ਰਹੇ ਸੀ। ਕਾਲ ਬਣ ਕੇ ਆਏ ਪੈਟੂਨ ਪੁਲ਼ ਦੀ ਟੱਕਰ ਨੇ ਕਿਸ਼ਤੀ ਪਲਟਾ ਦਿੱਤੀ ਤੇ ਚੰਦ ਸਕਿੰਟਾਂ ’ਚ ਹੀ 10 ਜ਼ਿੰਦਗੀਆਂ ਯਮੁਨਾ ਜੀ ’ਚ ਸਮਾ ਗਈਆਂ। ਬਸ ਫਿਰ ਕੀ ਸੀ, ਚੀਕ-ਚਿਹਾੜੇ ਦੌਰਾਨ ਸਾਰੇ ਡੁੱਬ ਰਹੇ ਸੀ, ਪਤਾ ਨਹੀਂ ਪਰਮਾਤਮਾ ਦੀ ਕੀ ਖੇਡ ਸੀ ਕਿ ਅਸੀਂ ਬਚ ਗਏ ਪਰ ਹੁਣ ਵੀ ਉਹ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਮੌਤ ਦੇ ਮਜ਼ਰ ਨੇ ਇਸ ਕਦਰ ਝਿੰਜੋੜ ਦਿੱਤਾ ਕਿ ਕੁਝ ਪਲ ਪਹਿਲਾਂ ਹੱਸਦੇ ਖੇਡਦੇ ਪਰਮਾਤਮਾ ਦੇ ਨਾਮ ਸਿਮਰਨ ’ਚ ਮਸਤ 10 ਜ਼ਿੰਦਗੀਆਂ ਹਮੇਸ਼ਾ ਲਈ ਕਿੰਝ ਖਾਮੋਸ਼ ਹੋ ਗਈਆਂ, ਕੁਝ ਸਮਝ ਨਹੀਂ ਆਉਂਦਾ।’ ਇਹ ਦਰਦ ਜਗਰਾਓਂ ਤੋਂ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਵਰਿੰਦਾਵਨ ਦੇ ਦਰਸ਼ਨਾਂ ਲਈ ਗਏ ਵਿਜੇ ਬਹਿਲ ਵਾਸੀ ਗੀਤਾ ਕਾਲੋਨੀ ਜਗਰਾਓਂ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਬਿਆਨ ਕੀਤਾ। ਇਸ ਹਾਦਸੇ ’ਚ ਵਿਜੇ ਬਹਿਲ ਦੀ ਪਤਨੀ ਤੇ ਲਾਡਲਾ ਪੁੱਤ ਵੀ ਯਮੁਨਾ ਜੀ ਵਿਚ ਸਮਾਅ ਗਿਆ। ਵਿਜੇ ਬਹਿਲ ਨੇ ਦੱਸਿਆ ਕਿ ਉਨ੍ਹਾਂ ਦਾ ਭਜਨ ਗਾਇਕ ਪੁੱਤ ਲਵੀ ਬਹਿਲ ਤੇ ਉਸ ਦਾ ਸਾਥੀ ਭਜਨ ਗਾਇਕ ਯਸ਼ੂ ਬਜਾਜ ਹਰ ਸਾਲ ਵਾਂਗ ਸ਼੍ਰੀ ਬਾਂਕੇ ਬਿਹਾਰੀ ਕਲੱਬ ਦੀ ਅਗਵਾਈ ਹੇਠ ਸ਼ਰਧਾਲੂਆਂ ਦੀਆਂ ਦੋ ਬੱਸਾਂ ਭਰ ਕੇ ਬੀਤੀ ਰਾਤ ਸ਼੍ਰੀ ਵਰਿੰਦਾਵਨ ਲਈ ਚਾਰ ਦਿਨ ਦੀ ਧਾਰਮਿਕ ਯਾਤਰਾ ’ਤੇ ਆਏ ਸਨ। ਜਿਸ ’ਚ 120 ਦੇ ਕਰੀਬ ਸ਼ਰਧਾਲੂ ਸਨ। ਇਨ੍ਹਾਂ ’ਚ ਬਹੁਤੇ ਸ਼ਰਧਾਲੂ ਉਨ੍ਹਾਂ ਦੋਵਾਂ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਸਨ। ਅੱਜ ਸਵੇਰੇ ਠਾਕੁਰ ਜੀ ਦੇ ਦਰਸ਼ਨਾਂ ਤੋਂ ਬਾਅਦ ਕਾਫੀ ਸ਼ਰਧਾਲੂ ਧਰਮਸ਼ਾਲਾ ’ਚ ਹੀ ਠਹਿਰ ਗਏ ਅਤੇ ਉਹ ਕਰੀਬ 30-32 ਸ਼ਰਧਾਲੂ ਦੇਵਰਾ ਬਾਬਾ ਜੀ ਦੀ ਸਮਾਧੀ ਦੇ ਦਰਸ਼ਨਾਂ ਨੂੰ ਚੱਲ ਪਏ। ਯਮੁਨਾ ਜੀ ਲਈ ਕਿਸ਼ਤੀ ਕਰ ਲਈ ਗਈ। ਇਹ ਕਿਸ਼ਤੀ ਕੁਝ ਦੂਰ ਜਾ ਕੇ ਕਿਸੇ ਕਾਰਨ ਫਸ ਗਈ। ਜਿਸ ਕਾਰਨ ਛੋਟੀਆਂ ਕਿਸ਼ਤੀਆਂ ਸੱਦੀਆਂ ਗਈਆਂ। ਉਨ੍ਹਾਂ ਦੱਸਿਆ ਕਿ ਯਮੁਨਾ ਜੀ ’ਚੋਂ ਕੋਈ ਵੱਡੀ ਮਸ਼ੀਨਰੀ ਨੂੰ ਲੰਘਾਇਆ ਜਾਣਾ ਸੀ, ਜਿਸ ਲਈ ਯਮੁਨਾ ਜੀ ’ਤੇ ਬਣੇ ਪੈਟੂਨ ਪੁਲ, ਜਿਸ ਨੂੰ ਕੈਪਸੂਲ ਪੁਲ਼ ਵੀ ਕਿਹਾ ਜਾਂਦਾ ਹੈ, ਨੂੰ ਖੋਲ੍ਹ ਦਿੱਤਾ ਗਿਆ। ਯਮੁਨਾ ਜੀ ਦੀਆਂ ਲਹਿਰਾਂ ਨਾਲ ਟਕਰਾਉਂਦਾ ਇਹ ਖੁੱਲ੍ਹਾ ਪੁਲ਼ ਉਨ੍ਹਾਂ ਦੀ ਕਿਸ਼ਤੀ ਨਾਲ ਜਾ ਟਕਰਾਇਆ। ਜਿਸ ਕਾਰਨ ਕਿਸ਼ਤੀ ਪਲਟ ਗਈ ਤੇ ਉਹ ਸਾਰੇ ਡੁੱਬ ਰਹੇ ਸਨ। ਕਿਵੇਂ ਬਚੇ, ਕਿਸ ਨੇ ਬਚਾਇਆ ਅਜੇ ਕੁਝ ਯਾਦ ਨਹੀਂ ਪਰ ਜਿਹੜੇ ਯਮੁਨਾ ਜੀ ’ਚ ਸਮਾਅ ਗਏ ਤੇ ਜਿਨ੍ਹਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਦਾ ਦਰਦ ਬਰਦਾਸ਼ਤ ਨਹੀਂ ਹੋ ਰਿਹਾ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਮੋਟਰ ਕਿਸ਼ਤੀ ’ਚ ਜ਼ਿਆਦਾ ਲੋਕਾਂ ਦੇ ਹੋਣ ਕਾਰਨ ਜਦੋਂ ਯਮੁਨਾ ਜੀ ’ਚ ਫਸੀ ਤਾਂ ਛੋਟੀਆਂ ਕਿਸ਼ਤੀਆਂ ਸੱਦੀਆਂ ਗਈਆਂ। ਇਨ੍ਹਾਂ ’ਚੋਂ 4 ਲੋਕ ਉੱਤਰ ਕੇ ਇਕ ਛੋਟੀ ਕਿਸ਼ਤੀ ’ਚ ਸਵਾਰ ਹੋ ਗਏ। ਇਸੇ ਦੌਰਾਨ ਉਹ ਚਾਰੋਂ ਅੱਗੇ ਨਿਕਲ ਗਏ ਤੇ ਇਸ ਹਾਦਸੇ ਦੀ ਚਪੇਟ ’ਚੋਂ ਬਚ ਗਏ। ਕਿਸ਼ਤੀ ਵਾਲਾ ਸਮਝਦਾਰੀ ਕਰਦਾ ਤਾਂ ਬਚ ਜਾਂਦੇ ਇਸ ਜੱਥੇ ’ਚ ਸ਼ਾਮਲ ਜਗਰਾਓਂ ਦੇ ਨਿਰਮਲ ਕੁਮਾਰ ਨੇ ਦੱਸਿਆ ਕਿ ਉਹ ਇਸ ਕਿਸ਼ਤੀ ’ਚ ਜਾ ਰਹੇ ਸ਼ਰਧਾਲੂਆਂ ਨਾਲ ਨਹੀਂ ਸਨ ਪਰ ਹਾਦਸੇ ਤੋਂ ਬਾਅਦ ਸਾਰੇ ਇਕੱਠੇ ਹੋਏ ਤਾਂ ਦੱਸਿਆ ਕਿ ਕਿਸ਼ਤੀ ਵਾਲਾ ਵੀ ਸਮਝਦਾਰੀ ਕਰ ਲੈਂਦਾ ਤਾਂ ਸ਼ਾਇਦ ਹਾਦਸਾ ਨਾ ਵਾਪਰਦਾ। ਉਨ੍ਹਾਂ ਅਨੁਸਾਰ ਜਿਸ ਕਾਰਨ ਕਿਸ਼ਤੀ ਤੇਜ਼ ਸੀ ਤੇ ਉਹ ਸਿੱਧਾ ਜਾ ਕੇ ਕੈਪਸੂਲ ਪੁਲ਼ ਨਾਲ ਜਾ ਟਕਰਾਈ।