- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਸੌਂਧ ਦਾ ਬਿਆਨ ਅਤਿਅੰਤ ਨਿੰਦਣਯੋਗ : ਰੌਣੀ

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ
ਜੌੜੇਪੁਲ ਜਰਗ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਵੱਲੋ ਬੀਤੇ ਦਿਨੀਂ ਕਿਸਾਨ ਆਗੁਆਂ ਵਿਰੁੱਧ ਦਿੱਤੇ ਬਿਆਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਅਤੇ ਸੂਬਾਈ ਪੱਧਰ ਤੇ ਸੌਂਧ ਦੇ ਇਸ ਬਿਆਨ ਦੀ ਨਿੰਦਿਆ ਹੋ ਰਹੀ ਹੈ। ਕੈਬਨਿਟ ਮੰਤਰੀ ਸੌਂਧ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਦੋਰਾਹਾ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਨੀਪਾਲ ਸਿਮਰੂ ਰੌਣੀ, ਇਕਾਈ ਰੌਣੀ ਦੇ ਪ੍ਰਧਾਨ ਨੰਬਰਦਾਰ ਦਵਿੰਦਰ ਸਿੰਘ ਵਿਸਕੀ ਰੌਣੀ ਅਤੇ ਸੀਨੀਅਰ ਕਿਸਾਨ ਆਗੂ ਦਵਿੰਦਰ ਸਿੰਘ ਰੌਣੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਬਿਆਨ ਨੂੰ ਗੁਮਰਾਹਕੁੰਨ, ਤੱਥਾਂ ਤੋਂ ਵਿਹੂਣਾ ਅਤੇ ਅਤਿਅੰਤ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਮੰਗਾਂ ਦੀ ਸਮਝ ਇਸ ਮੰਤਰੀ ਨੂੰ ਨਹੀਂ ਹੈ। ਝੂਠੇ ਕੇਸ, ਜੋ ਕਿ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਨੇ ਦਰਜ ਕਰ ਕੇ ਕਿਸਾਨ ਆਗੂਆਂ ਸ਼ਗਨਦੀਪ ਸਿੰਘ ਜਿਊਂਦ ਅਤੇ ਬਲਦੇਵ ਸਿੰਘ ਚਾਉਂਕੇ ਨੂੰ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਉਹ ਮੰਗ ਕੇਂਦਰ ਸਰਕਾਰ ਨਾਲ ਨਹੀਂ, ਬਲਕਿ ਪੰਜਾਬ ਸਰਕਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਪਤਾ ਨਹੀਂ ਕਿ ਉਹ ਕਿਸ ਧਰਤੀ ’ਤੇ ਰਹਿੰਦੇ ਹਨ ਤੇ ਜ਼ਿੰਮੇਵਾਰ ਅਹੁਦੇ ’ਤੇ ਹੁੰਦਿਆਂ ਹੋਇਆਂ ਉਹ ਪੰਜਾਬ ਦੀ ਧਰਤੀ ’ਤੇ ਹੋਏ ਅੱਤਿਆਚਾਰ ਨੂੰ ਛੁਪਾਉਣ ਖਾਤਰ ਝੂਠ ਦਾ ਸਹਾਰਾ ਲੈ ਰਹੈ ਹਨ। ਕਿਸਾਨ ਆਗੂਆਂ ਪ੍ਰਧਾਨ ਰੌਣੀ, ਨੰਬਰਦਾਰ ਰੌਣੀ ਤੇ ਦਵਿੰਦਰ ਸਿੰਘ ਨੇ ਮੰਤਰੀ ਸੌਂਦ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਚਾਉਂਕੇ ਆਦਰਸ਼ ਸਕੂਲ ਦੇ ਮਾਮਲੇ ਵਿਚ ਤੁਹਾਡੀ ਸਰਕਾਰ ਦੇ ਡੀ. ਸੀ. ਬਠਿੰਡਾ ਦੀ ਪੜਤਾਲੀਆ ਰਿਪੋਰਟ ਮੈਨੇਜਮੈਂਟ ਨੂੰ ਘਪਲੇ ਕਰਨ ਵਾਲੀ ਕਰਾਰ ਦਿੰਦੀ ਹੈ, ਫਿਰ ਮੈਨੇਜਮੈਂਟ 'ਤੇ ਕਾਰਵਾਈ ਕਰਵਾਉਣ ਅਤੇ ਬਗੈਰ ਕਸੂਰ ਤੋਂ ਕੱਢੇ ਅਧਿਆਪਕ ਬਹਾਲ ਕਰਨ ਦੀ ਮੰਗ ਕਰਨ ਵਾਲੇ ਕਿਸਾਨ ਆਗੂ ਤਕਰੀਬਨ ਪੌਣਾ ਸਾਲ ਤੋਂ ਕਿਉਂ ਜੇਲ ਵਿਚ ਡੱਕੇ ਹਨ ?
ਉਨ੍ਹਾਂ ਕਿਹਾ ਕਿ 5 ਫਰਵਰੀ ਨੂੰ ਤੁਹਾਡਾ ਬਠਿੰਡਾ ਪ੍ਰਸ਼ਾਸਨ ਕਿਸਾਨ ਆਗੂਆਂ ਨਾਲ ਹੋਈ ਗੱਲਬਾਤ ਦੌਰਾਨ ਦੂਜੇ ਦਿਨ ਦੁਬਾਰਾ ਗੱਲਬਾਤ ਚਲਾਉਣ ਅਤੇ ਕਿਸਾਨ ਇਕੱਠ ਨੂੰ ਭੁੱਚੋ ਵਿਖੇ ਕਰਨ ਲਈ ਸਹਿਮਤ ਹੋ ਕੇ ਚਾਰ ਘੰਟਿਆਂ ਬਾਅਦ ਮੁੱਕਰ ਗਿਆ। ਆਗੂਆਂ-ਵਰਕਰਾਂ ’ਤੇ ਸਾਰੀ ਰਾਤ ਸਾਰੇ ਪੰਜਾਬ ਵਿਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ, ਫਿਰ ਗੱਲਬਾਤ ਤੋਂ ਕੌਣ ਭੱਜਿਆ ਅਤੇ ਦੋਸ਼ੀ ਕੌਣ ਹੈ? ਮੰਤਰੀ ਦੇ ਬਿਆਨ ‘ਅਸਲੀ ਕਿਸਾਨ ਤਾਂ ਖੇਤਾਂ ਵਿਚ ਹਨ, ਅੰਦੋਲਨ ਕਰਨ ਵਾਲੇ ਵਿਹਲੜ ਹਨ’ ਦੇ ਜਵਾਬ ਵਿਚ ਆਗੂਆਂ ਨੇ ਕਿਹਾ ਕਿ ਆਗੂ ਅਤੇ ਲੋਕ ਦਸਾਂ ਨਹੂੰਆਂ ਦੀ ਕਿਰਤ ਕਰ ਕੇ ਰੋਟੀ ਖਾਂਦੇ ਹਨ ਪਰ ਵਿਹਲੜ ਜਮਾਤ ਉਹ ਹੈ, ਜਿਸ ਲੁਟੇਰੀ ਜਮਾਤ ਦੀ ਨੁਮਾਇੰਦਗੀ ਤੁਸੀ ਕਰਦੇ ਹੋ। ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦਾ ਸੰਘਰਸ਼' ਮੰਤਰੀ ਅਤੇ ਉਸ ਦੀ ਸਰਕਾਰ ਦਾ ਭੁਲੇਖਾ ਦੂਰ ਕਰ ਦੇਵੇਗਾ ਅਤੇ ਜੇਲਾਂ ਵਿਚ ਡੱਕੇ ਕਿਸਾਨ ਆਗੂਆਂ ਨੂੰ ਰਿਹਾਅ ਕਰਵਾ ਕੇ ਹੀ ਸਾਹ ਲੈਣਗੇ ਅਤੇ ਆਪ ਦੇ ਆਗੂਆਂ ਨੂੰ ਪਿੰਡਾਂ ਅੰਦਰ ਵੜਨ ਨਹੀਂ ਦੇਣਗੇ। ਇਸ ਮੌਕੇ ਜਸਕਰਨਦੀਪ ਸਿੰਘ ਰੌਣੀ, ਰੁਪਿੰਦਰ ਸਿੰਘ ਰੌਣੀ, ਦਲੀਪ ਸਿੰਘ, ਪਰਮਜੀਤ ਸਿੰਘ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।