ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀਆਂ ਨਾਲ ਕਾਰੋਬਾਰੀਆਂ ’ਚ ਦਹਿਸ਼ਤ

- ਬੇਕਰੀ ਮਾਲਕ ਤੋਂ 20 ਲੱਖ, ਜਿਊਲਰ ਤੋਂ 5 ਕਰੋੜ ਦੀ ਫਿਰੌਤੀ ਦੀ ਮੰਗ
- ਗੈਂਗਸਟਰਾਂ ਦੇ ਨਾਂ ’ਤੇ ਵਟਸਐਪ ਕਾਲਾਂ ਤੇ ਆਡੀਓ ਕਾਲਾਂ ਰਾਹੀਂ ਧਮਕੀਆਂ, ਪੁਲਿਸ ਨੇ ਦੋਵੇਂ ਮਾਮਲਿਆਂ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਕਾਰੋਬਾਰੀਆਂ ਕੋਲੋਂ ਫਿਰੌਤੀ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਿਆਂ ਵਿੱਚ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਦੇਣ ਦੇ ਦੋ ਵੱਖ-ਵੱਖ ਕੇਸ ਸਾਹਮਣੇ ਆਏ ਹਨ, ਜਿਸ ਨਾਲ ਵਪਾਰਕ ਵਰਗ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਦੋਵੇਂ ਮਾਮਲਿਆਂ ਵਿੱਚ ਅਣਪਛਾਤੇ ਮੁਲਜ਼ਮਾਂ ਵੱਲੋਂ ਵੱਡੀ ਰਕਮ ਦੀ ਫਿਰੌਤੀ ਮੰਗੀ ਗਈ ਹੈ। ਪਹਿਲਾ ਮਾਮਲਾ ਥਾਣਾ ਡਵੀਜ਼ਨ ਨੰਬਰ 8 ਅਧੀਨ ਆਉਂਦੇ ਹੰਬੜਾਂ ਰੋਡ ਇਲਾਕੇ ਦਾ ਹੈ। ਇੱਥੇ ਬੇਕਰੀ ਚਲਾਉਣ ਵਾਲੇ ਜਿੰਦਰਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨ ਉਸ ਦੀ ਦੁਕਾਨ ਦੇ ਨੰਬਰ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ। ਦੁਕਾਨ ਦੇ ਮੁਲਾਜ਼ਮ ਨੇ ਜਿਵੇਂ ਹੀ ਫੋਨ ਰਿਸੀਵ ਕੀਤਾ ਤਾਂ ਕਾਲਰ ਨੇ ਖੁਦ ਨੂੰ ਗੈਂਗਸਟਰ ਗੋਪੀ ਲਾਹੌਰੀਆ ਗੈਂਗ ਦਾ ਮੈਂਬਰ ਦੱਸਦਿਆਂ ਦੋ ਦਿਨਾਂ ਅੰਦਰ 20 ਲੱਖ ਰੁਪਏ ਦੇਣ ਦੀ ਮੰਗ ਕੀਤੀ।
ਅਗਲੇ ਦਿਨ ਫਿਰ ਉਸੇ ਨੰਬਰ ਤੋਂ ਕਾਲ ਆਈ, ਪਰ ਦੁਕਾਨ ਬੰਦ ਹੋਣ ਕਰ ਕੇ ਫੋਨ ਰਿਸੀਵ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਵਟਸਐਪ ’ਤੇ ਆਡੀਓ ਸੁਨੇਹਾ ਭੇਜ ਕੇ ਮੁੜ ਧਮਕੀ ਦਿੱਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਖਿਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਕਾਰੋਬਾਰੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਡਰੇ ਹੋਏ ਬੇਕਰੀ ਮਾਲਕ ਨੇ ਤੁਰੰਤ ਨੰਬਰ ਬਲਾਕ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜਾ ਮਾਮਲਾ ਥਾਣਾ ਪੀਏਯੂ ਇਲਾਕੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਸਰਾਫਾ ਬਾਜ਼ਾਰ ਵਿੱਚ ਜਿਊਲਰੀ ਦੀ ਦੁਕਾਨ ਚਲਾਉਣ ਵਾਲੇ ਤੁਸ਼ਾਰ ਭੰਡਾਰੀ ਨੂੰ ਬੀਤੇ ਦਿਨ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਧਮਕੀ ਭਰਿਆ ਸੁਨੇਹਾ ਮਿਲਿਆ। ਸੁਨੇਹੇ ਵਿੱਚ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਕੁਝ ਮਿੰਟਾਂ ਬਾਅਦ ਉਸੇ ਨੰਬਰ ਤੋਂ ਮਿਸ ਕਾਲਾਂ ਵੀ ਆਈਆਂ। ਇਸ ਤੋਂ ਬਾਅਦ ਵਟਸਐਪ ’ਤੇ ਇੱਕ ਤਸਵੀਰ ਭੇਜੀ ਗਈ, ਜਿਸ ਵਿੱਚ ਪਿਸਤੌਲ ਫੜੀ ਬਾਂਹ ਦਿਖਾਈ ਗਈ ਸੀ ਅਤੇ ਨਾਲ ਹੀ ਗੋਲਡੀ ਬਰਾੜ ਦਾ ਨਾਮ ਲਿਖਿਆ ਹੋਇਆ ਸੀ। ਬਾਅਦ ਵਿੱਚ ਇੱਕ ਆਡੀਓ ਰਿਕਾਰਡਿੰਗ ਰਾਹੀਂ ਵੀ ਧਮਕੀ ਦਿੱਤੀ ਗਈ। ਜਿਊਲਰ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਵਿਦੇਸ਼ੀ ਨੰਬਰ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਤਕਨੀਕੀ ਮਦਦ ਨਾਲ ਨੰਬਰਾਂ ਦੀ ਲੋਕੇਸ਼ਨ ਅਤੇ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।