ਰੈਸਟੋਰੈਂਟ ਕਾਰੋਬਾਰੀ ਨੂੰ ਮਿਲੀ ਧਮਕੀ, ਅੰਮ੍ਰਿਤਸਰ ਦੇ ਵਿਅਕਤੀ ਨੇ ਫਰੈਂਚਾਈਜੀ ਲੈਣ ਤੋਂ ਬਾਅਦ ਕੀਤੀ 5 ਲੱਖ ਰੁਪਏ ਦੀ ਮੰਗ
ਰੈਸਟੋਰੈਂਟ ਚੇਨ ਚਲਾਉਣ ਵਾਲੇ ਕਾਰੋਬਾਰੀ ਨੂੰ ਮਿਲੀ ਧਮਕੀ
Publish Date: Sat, 28 Feb 2026 06:45 PM (IST)
Updated Date: Sat, 28 Feb 2026 06:46 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਨਾਮਵਰ ਰੈਸਟੋਰੈਂਟ ਕਾਰੋਬਾਰੀ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਕਾਰੋਬਾਰੀ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਇਹ ਧਮਕੀ ਉਸ ਵਿਅਕਤੀ ਵੱਲੋਂ ਦਿੱਤੀ ਗਈ ਹੈ ਜਿਸ ਨੇ ਕੁੱਝ ਸਮਾਂ ਪਹਿਲੋਂ ਉਨ੍ਹਾਂ ਦੇ ਰੈਸਟੋਰੈਂਟ ਦੀ ਫਰੈਂਚਾਈਜੀ ਲਈ ਸੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐਸ ਨਗਰ ਆਈ ਬਲਾਕ ਦੇ ਰਹਿਣ ਵਾਲੇ ਰੈਸਟੋਰੈਂਟ ਕਾਰੋਬਾਰੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕਰਤਾਰ ਨਗਰ ਛੇਹਰਟਾ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਨੇ ਉਨ੍ਹਾਂ ਦੇ ਰੈਸਟੋਰੈਂਟ ਦੀ ਫਰੈਂਚਾਈਜੀ ਖਰੀਦ ਕੀਤੀ ਸੀ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀ ਰਾਤ ਵੇਲੇ ਮੁਲਜਮ ਅਤੇ ਉਸ ਦੇ ਅਣਪਛਾਤੇ ਸਾਥੀ ਨੇ ਭਾਰਤੀ ਅਤੇ ਵਿਦੇਸ਼ੀ ਨੰਬਰਾ ਤੋ ਫੋਨ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜ਼ਮਾਂ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕਾਰੋਬਾਰੀ ਸਮੇਤ ਉਸਦੇ ਪੂਰੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਨਾਂ ਦੇ ਪੂਰੇ ਪਰਿਵਾਰ ਨੂੰ ਮੁਲਜਮ ਕੋਲੋਂ ਖਤਰਾ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਰੈਸਟੋਰੈਂਟ ਕਾਰੋਬਾਰੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸਿਮਰਨਜੀਤ ਸਿੰਘ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।