ਬੰਟੀ ਬਬਲੀ ਸਕੂਟਰੀ ਲੈ ਕੇ ਹੋਏ ਰਫੂ ਚੱਕਰ , ਪੰਜ ਸਕਿੰਟਾਂ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ
ਬੰਟੀ ਬਬਲੀ ਸਕੂਟਰੀ ਲੈ ਕੇ ਹੋਏ ਰਫੂ ਚੱਕਰ , ਪੰਜ ਸਕਿੰਟਾਂ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ
Publish Date: Fri, 27 Feb 2026 08:06 PM (IST)
Updated Date: Sat, 28 Feb 2026 04:07 AM (IST)

ਬੜੇ ਹੀ ਸ਼ਾਤਰ ਢੰਗ ਨਾਲ ਬਣਾਈ ਚੋਰੀ ਦੀ ਯੋਜਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਵਿੱਚ ਇਕ ਲੜਕਾ ਲੜਕੀ ਦੀ ਜੋੜੀ ਨੇ ਬੜੀ ਹੀ ਸ਼ਾਤਿਰ ਤਰੀਕੇ ਨਾਲ ਸਕੂਟਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਦੋਵਾਂ ਨੇ ਐਸੀ ਯੋਜਨਾ ਬਣਾਈ ਕਿ ਪਹਿਲੀ ਨਜ਼ਰ ਵਿੱਚ ਕਿਸੇ ਨੂੰ ਰੱਤੀ ਭਰ ਵੀ ਸ਼ੱਕ ਨਹੀਂ ਹੋਇਆ ਪਰ ਉਨ੍ਹਾਂ ਦੀ ਇਹ ਕਰਤੂਤ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਕੂਟਰੀ ਮਾਲਕ ਦੇ ਮੁਤਾਬਕ ਉਸਨੇ ਆਪਣਾ ਵਾਹਨ ਘਰ ਦੇ ਬਿਲਕੁਲ ਬਾਹਰ ਖੜ੍ਹਾ ਕੀਤਾ ਤੇ ਖੁਦ ਅੰਦਰ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਕੰਮ ’ਤੇ ਜਾਣ ਲਈ ਬਾਹਰ ਨਿਕਲਿਆ ਤਾਂ ਸਕੂਟਰੀ ਆਪਣੀ ਥਾਂ ‘ਤੇ ਨਹੀਂ ਸੀ। ਪਹਿਲਾਂ ਉਸ ਨੇ ਸਕੂਟਰੀ ਲੱਭਣ ਲਈ ਆਲੇ-ਦੁਆਲੇ ਜਾਂਚ ਕੀਤੀ ਪਰ ਜਦ ਉਸ ਨੂੰ ਵਾਹਨ ਨਾ ਮਿਲਿਆ ਤਾਂ ਉਸ ਨੇ ਗਲੀ ’ਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਫੁਟੇਜ ’ਚ ਸਾਹਮਣੇ ਆਇਆ ਕਿ ਇਕ ਨੌਜਵਾਨ ਤੇ ਉਸ ਦੀ ਮਹਿਲਾ ਸਾਥੀ ਨੇ ਮਿਲ ਕੇ ਪੂਰੀ ਯੋਜਨਾ ਨਾਲ ਚੋਰੀ ਕੀਤੀ। ਪਹਿਲਾਂ ਲੜਕੀ ਖਰੀਦਦਾਰੀ ਦੇ ਬਹਾਨੇ ਨੇੜਲੀ ਦੁਕਾਨ ’ਚ ਗਾਹਕ ਬਣ ਕੇ ਦਾਖਲ ਹੋ ਗਈ ਤਾਂ ਜੋ ਕਿਸੇ ਨੂੰ ਉਨ੍ਹਾਂ ਦੇ ਮਨਸੂਬੇ ਤੇ ਸ਼ੱਕ ਨਾ ਹੋਵੇ। ਇਸ ਦੌਰਾਨ ਬਾਹਰ ਖੜ੍ਹਾ ਲੜਕੀ ਦਾ ਸਾਥੀ ਸਕੂਟਰੀ ਚੋਰੀ ਕਰਨ ਲਈ ਤਿਆਰ ਸੀ, ਜਿਵੇਂ ਹੀ ਮੌਕਾ ਮਿਲਿਆ, ਉਸ ਨੇ ਮਾਸਟਰ ਕੀ ਕੱਢੀ ਤੇ ਕਰੀਬ 5 ਸਕਿੰਟਾਂ ’ਚ ਤਾਲਾ ਖੋਲ੍ਹ ਦਿੱਤਾ। ਉਧਰ ਲੜਕੀ ਦੁਕਾਨ ਤੋਂ ਬਾਹਰ ਆ ਕੇ ਸੜਕ ਤੋਂ ਲੰਘ ਰਹੇ ਹਨ ਰਿਕਸ਼ਾ ਚਾਲਕ ਨਾਲ ਗੱਲਬਾਤ ਕਰ ਕੇ ਉਸ ਨੂੰ ਗੱਲਾਂ ’ਚ ਲਾਉਣ ਲੱਗ ਪਈ, ਜਿਵੇਂ ਹੀ ਸਕੂਟਰੀ ਸਟਾਰਟ ਹੋਈ ਤਾਂ ਲੜਕੀ ਪਿੱਛੇ ਬੈਠ ਗਈ ਤੇ ਦੋਵੇਂ ਪਲਾਂ ’ਚ ਅੱਖੋਂ ਓਹਲੇ ਹੋ ਗਏ। ਚੌਕੀ ਕੈਲਾਸ਼ ਨਗਰ ਦੇ ਇੰਚਾਰਜ ਨੇ ਦੱਸਿਆ ਕਿ ਪੀੜਤ ਦੀ ਲਿਖਤੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਤੇ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਸ਼ਨਾਖਤ ਲਈ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਜੋੜੇ ਨੂੰ ਕਾਬੂ ਕਰ ਲਿਆ ਜਾਵੇਗਾ।