ਬੁੱਢਾ ਦਰਿਆ ਸਫਾਈ ਮੁਹਿੰਮ ਨੂੰ ਝਟਕਾ, ਵਿਭਾਗੀ ਲਾਪਰਵਾਹੀ ਕਾਰਨ ਗੰਦਗੀ ਦਾ ਬਾਈਪਾਸ ਜਾਰੀ
ਬੁੱਢਾ ਦਰਿਆ ਸਫਾਈ ਮੁਹਿੰਮ ਨੂੰ ਝਟਕਾ, ਵਿਭਾਗੀ ਲਾਪਰਵਾਹੀ ਕਾਰਨ ਗੰਦਗੀ ਦਾ ਬਾਈਪਾਸ ਜਾਰੀ
Publish Date: Sun, 22 Mar 2026 07:46 PM (IST)
Updated Date: Mon, 23 Mar 2026 04:14 AM (IST)
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਬੁੱਢਾ ਦਰਿਆ ਦੀ ਸਫਾਈ ਲਈ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਮੁਹਿੰਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ, ਜਦੋਂ ਸੰਬੰਧਿਤ ਵਿਭਾਗਾਂ ਦੀ ਮੰਦੀ ਕਾਰਗੁਜ਼ਾਰੀ ਕਾਰਨ ਗੰਦਗੀ ਰੋਕਣ ਦੇ ਉਪਰਾਲੇ ਨਾਕਾਮ ਹੋ ਰਹੇ ਹਨ। ਇੱਕ ਪਾਸੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਰਿਆ ਨੂੰ ਸਾਫ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਵਿਭਾਗੀ ਲਾਪਰਵਾਹੀ ਮੁਹਿੰਮ ਲਈ ਸਭ ਤੋਂ ਵੱਡੀ ਰੁਕਾਵਟ ਬਣ ਰਹੀ ਹੈ। ਜਾਣਕਾਰੀ ਅਨੁਸਾਰ ਹੈਬੋਵਾਲ ਡੇਅਰੀ ਕੰਪਲੈਕਸ ਖੇਤਰ ਵਿੱਚ ਤਿੰਨ ਥਾਵਾਂ ਤੋਂ ਡੇਅਰੀਆਂ ਨਾਲ ਸੰਬੰਧਿਤ ਡੇਰਿਆਂ ਵੱਲੋਂ ਪਸ਼ੂਆਂ ਦਾ ਮੱਲ-ਮੂਤਰ ਸਿੱਧਾ ਬੁੱਢਾ ਦਰਿਆ ਵਿੱਚ ਬਾਈਪਾਸ ਕੀਤਾ ਜਾ ਰਿਹਾ ਹੈ। ਇਹ ਗੰਦਗੀ ਨਾ ਸਿਰਫ਼ ਵਾਤਾਵਰਣ ਲਈ ਖਤਰਾ ਬਣ ਰਹੀ ਹੈ, ਸਗੋਂ ਸਫਾਈ ਮੁਹਿੰਮ ਦੇ ਨਤੀਜਿਆਂ ‘ਤੇ ਵੀ ਅਸਰ ਪਾ ਰਹੀ ਹੈ। ਐਤਵਾਰ ਨੂੰ ਕੁਝ ਨਿਹੰਗ ਸਿੰਘਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਰੇਨ ਵਿਭਾਗ ਦੀ ਜ਼ਮੀਨ ‘ਤੇ ਬਣੇ ਗੈਰਕਾਨੂੰਨੀ ਡੇਰਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਕਬਜ਼ੇ ਕਰਨ ਦੇ ਨਾਲ-ਨਾਲ ਡੇਅਰੀ ਮਾਲਕ ਪਸ਼ੂਆਂ ਦਾ ਗੰਦਾ ਪਾਣੀ ਦਰਿਆ ਵਿੱਚ ਛੱਡ ਰਹੇ ਹਨ ਅਤੇ ਸੰਤ ਸੀਚੇਵਾਲ ਵੱਲੋਂ ਦਰਿਆ ਕੰਢੇ ਲਗਾਏ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।
ਇਹ ਪਹਿਲਾ ਮਾਮਲਾ ਨਹੀਂ ਹੈ ਕਿ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਅਣਸੋਧਿਆ ਪਾਣੀ ਬੁੱਢਾ ਦਰਿਆ ਵਿੱਚ ਡਿਸਪੋਜ਼ ਕੀਤਾ ਜਾ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਦੀ ਟੀਮ ਵੱਲੋਂ ਅਜਿਹੇ ਕਈ ਪੁਆਇੰਟਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀਆਂ ਦਿੱਤੀਆਂ ਗਈਆਂ ਹਨ, ਪਰ ਇਸਦੇ ਬਾਵਜੂਦ ਗੰਦਗੀ ਦੇ ਬਾਈਪਾਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਹ ਸਥਿਤੀ ਜਿੱਥੇ ਸਫ਼ਾਈ ਮੁਹਿੰਮ ਲਈ ਵੱਡਾ ਅੜਿੱਕਾ ਬਣੀ ਹੋਈ ਹੈ, ਉੱਥੇ ਹੀ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ। ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ ਜੇਕਰ ਤੁਰੰਤ ਅਤੇ ਕੜੀ ਪ੍ਰਸ਼ਾਸਨਿਕ ਕਾਰਵਾਈ ਨਾ ਕੀਤੀ ਗਈ ਤਾਂ ਬੁੱਢਾ ਦਰਿਆ ਸਫਾਈ ਮੁਹਿੰਮ ਦੇ ਲਕਸ਼ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ।