ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ’ਚ ਕਣਕ ਖ਼ਰੀਦ ਦਾ ‘ਬਾਈਕਾਟ’
ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ’ਚ ਕਣਕ ਖ਼ਰੀਦ ਦਾ ‘ਬਾਈਕਾਟ’
Publish Date: Mon, 30 Mar 2026 06:31 PM (IST)
Updated Date: Tue, 31 Mar 2026 04:10 AM (IST)

-ਨਾਲ ਲੱਗਦੀਆਂ ਮੰਡੀਆਂ ’ਚ ਵੀ ਨਹੀਂ ਹੋਵੇਗੀ ਖ਼ਰੀਦ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਦੇ ਆੜ੍ਹਤੀਆਂ ਨੇ ਇੱਕ ਅਪ੍ਰੈਲ ਤੋਂ ਕਣਕ ਖ਼ਰੀਦ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਅਹੁਦੇਦਾਰਾਂ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਵਿਜੇ ਕਾਲੜਾ ਦੇ ਸੱਦੇ ’ਤੇ ਇਸ ਬਾਈਕਾਟ ਦਾ ਫੈਸਲਾ ਲਿਆ ਗਿਆ। ਵਰਣਨਯੋਗ ਹੈ ਕਿ ਸੂਬੇ ਭਰ ਦੇ ਆੜ੍ਹਤੀਆਂ ਦਾ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਕਮਿਸ਼ਨ ਘਟਾ ਦਿੱਤਾ ਗਿਆ ਹੈ। ਜਿਸ ਨੂੰ ਬਹਾਲ ਕਰਨ ਲਈ ਆੜ੍ਹਤੀ ਸੰਘਰਸ਼ ਕਰ ਰਹੇ ਹਨ। ਇਸ ਮੰਗ ਨੂੰ ਪੂਰਾ ਕਰਨ ਦੀ ਥਾਂ ਸਰਕਾਰ ਵੱਲੋਂ ਆੜ੍ਹਤੀਆਂ ’ਤੇ ਦਬਾਅ ਬਣਾਉਣ ਲਈ ਈਪੀਐੱਫ ਦੀ ਸ਼ਰਤ ਵੀ ਰੱਖ ਦਿੱਤੀ ਗਈ ਹੈ। ਜਿਸ ਤੋਂ ਬਾਅਦ ਆੜ੍ਹਤੀਆਂ ਨੇ ਹੜ੍ਹਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਜਗਰਾਓਂ ਮੰਡੀ ਵਿਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਪੰਜਾਬ ਭਰ ਦੇ ਆੜ੍ਹਤੀਆਂ ਨੇ ਸਰਕਾਰ ਲੰਮੇ ਸਮੇਂ ਧੱਕੇਸ਼ਾਹੀ ਕਰਦੀ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਢਾਈ ਫੀਸਦੀ ਦਾਮੀ ਦੀ ਸ਼ਰਤ ਨੂੰ ਮੰਨਣ ਦੀ ਥਾਂ ਉਲਟਾ ਪਰੈਸ਼ਰ ਬਣਾ ਰਹੀ ਹੈ, ਜਿਸਵਿਚ ਆੜ੍ਹਤੀਆਂ ’ਤੇ ਈਪੀਐੱਫ ਜੋ ਕਿ ਲਾਗੂ ਹੀ ਨਹੀਂ ਹੁੰਦਾ ਨੂੰ ਵੀ ਲਗਾ ਦਿੱਤਾ ਗਿਆ ਹੈ। ਇਸ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਲਈ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਜਿਸ ਦੇ ਸਮਰਥਣ ਵਿਚ ਜਗਰਾਓਂ ਦੇ ਆੜ੍ਹਤੀਏ ਵੀ ਨਾਲ ਹਨ ਅਤੇ 1 ਅਪ੍ਰੈਲ ਤੋਂ ਜਗਰਾਓਂ ਸਮੇਤ ਨਾਲ ਲੱਗਦੀਆਂ ਦਰਜਨਾਂ ਮੰਡੀਆਂ ਵਿਚ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਦਾ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਮੰਡੀ ਦਾ ਕੋਈ ਵੀ ਆੜ੍ਹਤੀਆਂ ਕਣਕ ਦੀ ਖ਼ਰੀਦ ਨਹੀਂ ਕਰੇਗਾ। ਇਸ ਮੌਕੇ ਰਾਜ ਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ, ਸਵਰਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਦੌਧਰ, ਜਤਿੰਦਰ ਸਰਾਂ, ਨਵੀਨ ਸਿੰਗਲਾ, ਮਹਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ ਅਤੇ ਆਸ਼ੂ ਮਿੱਤਲ ਆਦਿ ਹਾਜ਼ਰ ਸਨ।