ਕਿਤਾਬਾਂ ਅੱਜ ਵੀ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਸਾਥੀ-ਡਾ. ਗੋਸਲ
ਕਿਤਾਬਾਂ ਅੱਜ ਵੀ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਸਾਥੀ-ਡਾ. ਗੋਸਲ
Publish Date: Fri, 24 Apr 2026 06:48 PM (IST)
Updated Date: Fri, 24 Apr 2026 06:52 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਮੁੱਚੇ ਅਮਲੇ ਨੇ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜਾ ਮਨਾਇਆ। ਵਿਦਿਆਰਥੀ ਭਵਨ ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿੱਚ ਇਸ ਮੌਕੇ ਵਿਦਿਆਰਥੀਆਂ ਦੇ ਸਿਰਜਣ ਮੁਕਾਬਲੇ ਵੀ ਕਰਵਾਏ ਗਏ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਸੂਚਨਾ ਤਕਨਾਲੋਜੀ ਵਿੱਚ ਤਬਦੀਲ ਹੋਇਆ ਹੈ ਪਰ ਕਿਤਾਬਾਂ ਅੱਜ ਵੀ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਸਾਥੀ ਹਨ। ਡਾ. ਗੋਸਲ ਨੇ ਕਿਹਾ ਕਿ ਮਨੁੱਖ ਨੇ ਮਨੁੱਖ ਹੋਣ ਦੇ ਸਫਰ ਵਿੱਚ ਜਿਹੜੀਆਂ ਸਭ ਤੋਂ ਅਹਿਮ ਖੋਜਾਂ ਕੀਤੀਆਂ ਉਨਾਂ ਵਿੱਚ ਕਿਤਾਬ ਸਭ ਤੋਂ ਪ੍ਰਮੁੱਖ ਹੈ। ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤੇ ਕਿ ਉਹ ਜ਼ਿੰਦਗੀ ਦੇ ਤਨਾਵਾਂ ਅਤੇ ਫਿਕਰਾਂ ਤੋਂ ਮੁਕਤੀ ਲਈ ਕਿਤਾਬਾਂ ਪੜ੍ਹਨ ਨੂੰ ਆਪਣੀ ਪੱਕੀ ਆਦਤ ਬਣਾ ਲੈਣ। ਪੀਏਯੂ. ਦੇ ਸਾਬਕਾ ਪਸਾਰ ਮਾਹਿਰ ਅਤੇ ਵਧੀਕ ਨਿਰਦੇਸ਼ਕ ਸੰਚਾਰ ਡਾ. ਰਣਜੀਤ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਸੰਦੀਪ ਸ਼ਰਮਾ ਇਸ ਸਮਾਰੋਹ ਵਿੱਚ ਮੁੱਖ ਵਕਤਿਆਂ ਵਜੋਂ ਸ਼ਾਮਿਲ ਹੋਏ। ਡਾ. ਸੰਦੀਪ ਸ਼ਰਮਾ ਨੇ ਕਿਤਾਬ ਦੀ ਕਲਪਨਾ ਤੋਂ ਲੈ ਕੇ ਲਿਖਣ ਅਤੇ ਪ੍ਰਕਾਸ਼ਨ ਤੱਕ ਦੇ ਸਮੁੱਚੇ ਪੜਾਅ ਸਾਂਝੇ ਕੀਤੇ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਲਗਾਤਾਰ ਸ਼ਖ਼ਸੀਅਤ ਵਿਕਾਸ ਲਈ ਪੜ੍ਹਦੇ ਰਹਿਣਾ ਚਾਹੀਦਾ ਹੈ। ਡਾ. ਰਣਜੀਤ ਸਿੰਘ ਨੇ ਅਧਿਐਨ ਦੇ ਮਾਮਲੇ ਵਿੱਚ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਤਾਬਾਂ ਪੜ੍ਹਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਰਣਜੀਤ ਸਿੰਘ ਵੱਲੋਂ ਲਿਖੀ ਕਿਤਾਬ ‘ਕੋਈ ਨਾਉਂ ਨਾ ਜਾਣੇ ਮੇਰਾ’ ਰਿਲੀਜ਼ ਕੀਤੀ ਗਈ। ਸਵਾਗਤ ਦੇ ਸ਼ਬਦ ਯੂਨੀਵਰਸਿਟੀ ਦੇ ਲਾਇਬੇ੍ਰੀਅਨ ਡਾ. ਯੋਗਿਤਾ ਸ਼ਰਮਾ ਨੇ ਕਹੇ। ਡਾ. ਯੋਗਿਤਾ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਬਲ ਦੇਣਾ ਹੈ। ਇਸ ਮੌਕੇ ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਭੂਮੀ ਵਿਗਿਆਨ ਵਿਭਾਗ ਦੀ ਮੋਲਦੀਪ ਕੌਰ, ਖੇਤੀ ਬਾਇਓਤਕਨਾਲੋਜੀ ਸਕੂਲ ਦੀ ਇਰਸ਼ੀਨ ਕੌਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਹਰਕੀਰਤ ਸਿੰਘ ਨੇ ਕ੍ਰਮਵਾਰ ਤਿੰਨ ਇਨਾਮ ਹਾਸਲ ਕੀਤੇ। ਪੁਸਤਕ ਦੇ ਸਰਵਰਕ ਡਿਜ਼ਾਇਨ ਕਰਨ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਸੁਨੇਹਾ ਗੁਪਤਾ ਨੂੰ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਅਸ਼ਿਤਾ ਨੂੰ ਦੂਜਾ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।